ਝੋਨੇ ’ਤੇ ਤੇਲੇ ਦਾ ਹਮਲਾ
ਪੰਜਾਬ ’ਚ ਹੜ੍ਹਾਂ ਦੇ ਕਾਰਨ ਝੋਨੇ ਦੇ ਡੁੱਬ ਜਾਣ ਕਾਰਨ ਕਿਸਾਨਾਂ ਨੂੰ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਮਗਰੋਂ ਫੰਗਸ ਰੋਗ ਤੇ ਹਲਦੀ ਰੋਗ ਨੇ ਝੋਨੇ ਦਾ ਨੁਕਸਾਨ ਕੀਤਾ ਸੀ ਅਤੇ ਹੁਣ ਤੇਲੇ ਦੇ ਕਾਰਨ ਪਛੇਤੀਆ ਫਸਲਾਂ ਡਿੱਗ ਰਹੀਆਂ ਹਨ। ਕਿਸਾਨ ਹਰਮੀਤ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਸਿੱਧੂ ਵਾਲਾ ਵਿੱਚ ਝੋਨੇ ਨੂੰ ਪਏ ਤੇਲੇ ਦੇ ਕਾਰਨ ਬੂਟੇ ਡਿੱਗ ਪਏ ਹਨ, ਜਿਸ ਨਾਲ ਝੋਨੇ ਦੇ ਝਾੜ ਉੱਪਰ ਭਾਰੀ ਫਰਕ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਤੇਲਾ ਵਾਰ ਵਾਰ ਸਪਰੇਆਂ ਕਰਨ ਦੇ ਬਾਵਜੂਦ ਨਹੀਂ ਮਰਦਾ, ਜਿਸ ਲਈ ਕਿਸਾਨਾਂ ਨੂੰ ਆਪਣੇ ਝੋਨੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਰਾਤ ਵੇਲੇ ਘਰ ਦੀਆਂ ਲਾਈਟਾਂ ਜਗਾਉਣ ’ਤੇ ਤੇਲੇ ਦੀ ਭਰਮਾਰ ਦਿਸਦੀ ਹੈ। ਤੇਲਾ ਇਨਾ ਜਿਆਦਾ ਹੈ ਕਿ ਘਰ ਵਿੱਚ ਵੀ ਲਾਈਟਾਂ ਬੰਦ ਕਰਕੇ ਕੰਮ ਕਰਨੇ ਪੈਂਦੇ ਹਨ। ਇਸ ਸਬੰਧੀ ਖੇਤੀਬਾੜੀ ਦੇ ਬਲਾਕ ਅਧਿਕਾਰੀ ਰਾਧਾ ਰਾਣੀ ਨੇ ਆਖਿਆ ਕਿ ਇਸ ਤੇਲੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਵੀ ਰਸ ਚੂਸਣ ਵਿੱਚ ਸ਼ਾਮਲ ਹਨ। ਇਨ੍ਹਾਂ ਟਿੱਡਿਆਂ ਦੇ ਬੱਚੇ ਤੇ ਵੱਡੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ ਜੁਲਾਈ ਤੋਂ ਅਕਤੂਬਰ ਤੱਕ ਚੂਸਦੇ ਹਨ, ਜਿਸ ਨਾਲ ਫਸਲ ਧੋੜੀਆਂ ਦੇ ਰੂਪ ਵਿੱਚ ਸੁੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੇਲੇ ਦੀ ਰੋਕਥਾਮ ਲਈ ਸਿਫਾਰਸ਼ੁਦਾ ਦਵਾਈਆਂ ਦੀ ਵਰਤੋਂ ਤੇਲੇ ਦੇ ਸ਼ੁਰੂਆਤੀ ਹਮਲੇ ਸਮੇਂ ਕੀਤੀ ਜਾ ਸਕਦੀ ਹੈ।