ਬਲਾਕ ਪੱਧਰ ’ਤੇ ਮਹਿਲਾ ਵਿੰਗ ਨੂੰ ਮਜ਼ਬੂਤ ਕਰਾਂਗੇ: ਅਜਿੰਦਰ ਕੌਰ
ਆਮ ਆਦਮੀ ਪਾਰਟੀ (ਮਹਿਲਾ ਵਿੰਗ) ਮਾਲਵਾ ਸੈਂਟਰਲ ਜ਼ੋਨ ਦੇ ਇੰਚਾਰਜ ਅਜਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਮਹਿਲਾ ਵਿੰਗ ਦੀ ਬਲਾਕ ਪੱਧਰ ਤੱਕ ਮਜ਼ਬੂਤੀ ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜ਼ੋਨ ਇੰਚਾਰਜ, ਜ਼ਿਲ੍ਹਾ ਇੰਚਾਰਜ, ਹਲਕਾ ਕੋਆਰਡੀਨੇਟਰ ਨਿਯੁਕਤ ਕਰਨ ਤੋਂ ਬਾਅਦ ਬਲਾਕ ਇੰਚਾਰਜਾਂ ਦੀ ਨਿਯੁਕਤੀ ਸਮੇਤ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਸਰਕਾਰ ਅਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਖੁਲਾਸਾ ਉਨ੍ਹਾਂ ਇੱਥੇ ਹਲਕਾ ਕੋਆਰਡੀਨੇਟਰ ਸੀਮਾ ਸ਼ਰਮਾ ਦੀ ਪ੍ਰਧਾਨਗੀ ਹੇਠ ਮਹਿਲਾ ਵਿੰਗ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪਾਲਿਸੀਆਂ ਕਰ ਕੇ ਹਰ ਘਰ ਦੇ ਘਰੇਲੂ ਬਜਟ ’ਚ 10 ਤੋਂ 12 ਹਜ਼ਾਰ ਰੁਪਏ ਤੱਕ ਖ਼ਰਚੇ ’ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਹਿਲਾ ਵਿੰਗ ਪਾਰਟੀ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਲਈ ਸਖ਼ਤ ਸੰਘਰਸ਼ ਵਿੱਚ ਜੁਟਿਆ ਹੋਇਆ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਦੇ ਵਰਕਰ ਆਫ਼ਤ ਦੀ ਸਥਿਤੀ ਵਿੱਚ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਆਗੂ ਜੈਤੋ ਹਲਕੇ ਦੇ ਘਰ-ਘਰ ਜਾ ਕੇ ਵਿਧਾਇਕ ਅਮੋਲਕ ਸਿੰਘ ਵੱਲੋਂ ਹਲਕੇ ’ਚ ਕਰਵਾਏ ਕੰਮਾਂ ਬਾਰੇ ਲੋਕਾਂ ਨੂੰ ਦੱਸਣਗੇ। ਅਜਿੰਦਰ ਕੌਰ ਦਾ ਜੈਤੋ ਪੁੱਜਣ ’ਤੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਸਨਾਤਨ ਸੇਵਾ ਸਮਿਤੀ ਦੇ ਵਰੁਣ ਮਹਿਤਾ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਛਿੰਦਰਪਾਲ ਕੌਰ, ਬਿਮਲਾ ਰਾਣੀ, ਪ੍ਰਵੀਨ ਗਰਗ, ਰੇਣੂੰ ਗੋਇਲ ਆਦਿ ਮਹਿਲਾ ਆਗੂ ਹਾਜ਼ਰ ਸਨ।