ਬਠਿੰਡਾ ਏਮਜ਼ ’ਚ ਬੋਨ ਮੈਰੋ ਟਰਾਂਸਪਲਾਂਟ ਸ਼ੁਰੂ ਕਰਾਂਗੇ: ਗੁਪਤਾ
ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਬਠਿੰਡਾ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ ਡਾ. ਰਤਨ ਗੁਪਤਾ ਨੇ ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਕੀਤੀ। ਉਹ ਦੋ ਦਿਨ ਪਹਿਲਾਂ ਹੀ ਬਠਿੰਡਾ ਵਿੱਚ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਹੋਏ ਹਨ। ਡਾ. ਗੁਪਤਾ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਏਮਜ਼ ਬਠਿੰਡਾ ਦਾ ਨਾਮ ਦੇਸ਼-ਵਿਦੇਸ਼ ਵਿੱਚ ਰੋਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਮਜ਼ ਵਿਖੇ ਸਿਹਤ ਸਹੂਲਤਾਂ ਦੇ ਵਿਸਤਾਰ, ਅਕਾਦਮਿਕ ਮਾਹੌਲ ਵਿੱਚ ਸੁਧਾਰ ਅਤੇ ਖੋਜ ਕਾਰਜਾਂ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਉੱਚ-ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਡਾ. ਗੁਪਤਾ ਨੇ ਕਿਹਾ, ‘ਏਮਜ਼ ਬਠਿੰਡਾ ਦੀ ਅਗਵਾਈ ਕਰਨਾ ਮੇਰੇ ਲਈ ਵੱਡਾ ਸਨਮਾਨ ਹੈ। ਮੈਂ ਵਾਅਦਾ ਕਰਦਾ ਹਾਂ ਕਿ ਇਸ ਸੰਸਥਾ ਨੂੰ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਵਿੱਚ ਹੋਰ ਉੱਚਾਈ ’ਤੇ ਲਿਜਾਣ ਲਈ ਹੋਰ ਯਤਨ ਕਰਾਂਗਾ।” ਜ਼ਿਕਰਯੋਗ ਹੈ ਕਿ ਡਾ. ਗੁਪਤਾ ਪਿਛਲੇ 26-27 ਸਾਲਾਂ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਵਜੋਂ ਸੇਵਾਵਾਾਂ ਨਿਭਾ ਚੁੱਕੇ ਹਨ। ਇਥੇ ਹੀ ਬਸ ਨਹੀਂ ਸਫਦਰਜੰਗ ਹਸਪਤਾਲ ਵਿੱਚ ਬੱਚਿਆਂ ਦਾ ਸਭ ਤੋਂ ਪਹਿਲਾਂ ਬੋਨ ਮੈਰੋ ਟ੍ਰਾਂਸਪਲਾਂਟ ਕਰਨ ਦਾ ਸੇਹਰਾ ਵੀ ਉਨ੍ਹਾਂ ਦੇ ਨਾਮ ਹੈ। ਉਨ੍ਹਾਂ ਕਿਹਾ ਕਿ ਸਫਦਰਜੰਗ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਹੁਣ ਬਠਿੰਡਾ ਵਿੱਚ ਵੀ ਚਾਲੂ ਕੀਤਾ ਜਾਵੇਗਾ।