ਮਿਹਨਤੀ ਵਰਕਰਾਂ ਨੂੰ ਟਿਕਟ ਦੇਣ ਦੀ ਸਿਫ਼ਾਰਸ਼ ਕਰਾਂਗੇ: ਕਾਲਾ ਢਿੱਲੋਂ
ਕਾਂਗਰਸ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ 2027, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਇਸ ਤਹਿਤ ਅੱਜ ਮਹਿਲ ਕਲਾਂ ਦੇ ਨਿੱਜੀ ਪੈਲੇਸ ਵਿੱਚ ਪਾਰਟੀ ਦੇ ਕੌਮੀ ਸਕੱਤਰ ਤੇ ਸੂਬਾ ਸਹਿ ਇੰਚਾਰਜ ਰਵਿੰਦਰ ਡਾਲਵੀ ਵੰਲੋਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਹਲਕਾ ਪੱਧਰੀ ਮੀਟਿੰਗ ਕੀਤੀ ਗਈ।
ਸ੍ਰੀ ਡਾਲਵੀ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਦੀ ਅਗਵਾਈ ਵਿੱਚ ਪੰਜਾਬ ਦੀ 2027 ਵਿਧਾਨ ਸਭਾ ਚੋਣ ਕਾਂਗਰਸ ਪੂਰੀ ਇਕਜੁੱਟਤਾ ਨਾਲ ਲੜੇਗੀ ਜਿਸ ਲਈ ਸੂਬੇ ਅੰਦਰ ਪਾਰਟੀ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਸੂਬੇ ਦੀ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਹਰ ਵਰਗ ਸਰਕਾਰ ਤੋਂ ਦੁਖੀ ਹੈ ਜਿਸ ਕਰਕੇ ਲੋਕਾਂ ਦੀ ਲਹਿਰ ਕਾਂਗਰਸ ਦੇ ਹੱਕ ਵਿੱਚ ਹੈ। ਅਜਿਹੇ ਮਾਹੌਲ ਵਿੱਚ ਕਿਸੇ ਵੀ ਪਾਰਟੀ ਵਿਰੋਧੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ। ਉਨ੍ਹਾਂ ਮਹਿਲ ਕਲਾਂ ਹਲਕੇ ਵਿੱਚੋਂ ਮਿਹਨਤੀ ਵਰਕਰਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਦਿੱਤੇ ਜਾਣ ਦੀ ਪੈਰਵਾਈ ਕੀਤੀ। ਉਨ੍ਹਾਂ ਸਮੂਹ ਟਿਕਟਾਂ ਦੇ ਦਾਵੇਦਾਰਾਂ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲ੍ਹੀਵਾਲ, ਬੰਨੀ ਖਹਿਰਾ, ਜਸਵੀਰ ਸਿੰਘ ਖੇੜੀ, ਬਲਦੇਵ ਸਿੰਘ ਪੇਧਨੀ, ਬਲਵੰਤ ਸ਼ਰਮਾ ਹਮੀਦੀ, ਸਰਬਜੀਤ ਸਿੰਘ ਸਰਬੀ, ਦਲਜੀਤ ਸਿੰਘ ਮਾਨ, ਪ੍ਰਧਾਨ ਜਸਮੇਲ ਸਿੰਘ ਬੜੀ, ਅਮਰਜੀਤ ਸਿੰਘ ਭੋਤਨਾ, ਗਗਨ ਕੁਰੜ ਤੇ ਹੋਰ ਹਾਜ਼ਰ ਸਨ।