ਸ਼ੈੱਲਰ ਮਾਲਕਾਂ ਦੀ ਮਰਜ਼ੀ ਨਹੀਂ ਚੱਲੇਗੀ: ਕਾਕਾ ਬਰਾੜ
ਪਿਛਲੇ ਕੁਝ ਦਿਨਾਂ ਤੋਂ ਅਨਾਜ ਮੰਡੀਆਂ ’ਚੋਂ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪਿੰਡ ਬਧਾਈ, ਅਕਾਲਗੜ੍ਹ ਤੇ ਫੱਤਣਵਾਲਾ ਦੀਆਂ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਕਰਵਾਇਆ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ ਅਤੇ ਬਰੀਵਾਲਾ ਮਾਰਕੀਟ ਕਮੇਟੀ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ। ਮੰਡੀਆਂ ਵਿੱਚ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਿਲਕੁਲ ਸੁੱਕੀ ਤੇ ਸਾਫ਼ ਫ਼ਸਲ ਦਾ ਭਾਅ ਨਹੀਂ ਲੱਗ ਰਿਹਾ ਅਤੇ ਜਦੋਂ ਭਾਅ ਲੱਗ ਜਾਂਦਾ ਹੈ ਤਾਂ ਸ਼ੈੱਲਰ ਮਾਲਕ ਆਪਣੀ ਮਨਮਰਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਗੱਡੀ ਵਾਪਸ ਮੋੜ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾੲਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਖਰੀਦ ਤੁਰੰਤ ਯਕੀਨੀ ਬਣਾਈ ਜਾਵੇ। ਕਾਕਾ ਬਰਾੜ ਨੇ ਸ਼ੈਲਰ ਮਾਲਕਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਕਿਸੇ ਚੀਜ਼ ਦੀ ਝਾਕ ਨਾ ਰੱਖਣ ਤੇ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਭਾਅ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਸ਼ੈੱਲਰ ਮਾਲਕ ਨਾ ਸਮਝੇ ਤਾਂ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੌਕੇ ਪ੍ਰੇਮਜੀਤ ਸਿੰਘ ਜੋਤੀ ਬਰਾੜ, ਡਾ. ਕੁਲਬੀਰ ਸਿੰਘ, ਦਲਜੀਤ ਧਾਲੀਵਾਲ, ਲਵਲੀ ਸਿੰਘ, ਨੰਬਰਦਾਰ ਨਿਰਮਲ ਸਿੰਘ, ਸਰਪੰਚ ਫੱਤਣਵਾਲਾ ਅਮਰਿੰਦਰ ਸਿੰਘ, ਸੁਖਪਾਲ ਸਿੰਘ ਪਾਲ ਫੱਤਣਵਾਲਾ, ਨਵਦੀਪ ਸਿੰਘ, ਮੈਂਬਰ ਰੁਪਿੰਦਰ ਸਿੰਘ, ਸੋਹਣ ਸਿੰਘ ਬਧਾਈ, ਲਵਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।
