ਜ਼ਿਲ੍ਹਾ ਪਰਿਸ਼ਦ ਚੋਣਾਂ ਹਮਖਿਆਲੀਆਂ ਨਾਲ ਰਲ ਕੇ ਲੜਾਂਗੇ: ਅਰਸ਼ੀ
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪਾਰਟੀ ਆਗੂਆਂ ਵੱਲੋਂ 26 ਨਵੰਬਰ ਨੂੰ ਕਿਸਾਨੀ ਅੰਦੋਲਨ ਦੀ ਵਰ੍ਹੇਗੰਢ ਮੌਕੇ ਚੰਡੀਗੜ੍ਹ ਵਿੱਚ ਪਾਰਟੀ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਇਸ ਵਰ੍ਹੇਗੰਢ ਮਨਾਉਣ ਨੂੰ ਲੈ ਕੇ ਬਕਾਇਦਾ ਆਗੂਆਂ ਦੀ ਡਿਊਟੀਆਂ ਗਈਆਂ। ਉਹ ਅੱਜ ਇਥੇ ਸੀ ਪੀ ਆਈ ਦੀ 25ਵੀਂਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਨੂੰ ਲੈ ਕੇ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਕਾਨਫਰੰਸ 25 ਨਵੰਬਰ ਨੂੰ ਹੋਵੇਗੀ ਜਿਸ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ ਅਤੇ ਜ਼ਿਲ੍ਹਾ ਕੌਂਸਲ ਵੱਲੋਂ ਡੈਲੀਗੇਟ ਨਾਲ ਸਬੰਧਤ ਕਾਰਜ ਨੇਪਰੇ ਚਾੜ੍ਹੇ ਗਏ।
ਕਾਮਰੇਡ ਹਰਦੇਵ ਅਰਸ਼ੀ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਜ਼ਮੀਨਾਂ ਦੇਣ ਦੀ ਨੀਤੀ ਖ਼ਿਲਾਫ਼ ਸਾਂਝੇ ਤੇ ਤਿੱਖੇ ਸੰਘਰਸ਼ ਸਮੇਂ ਦੀ ਲੋੜ ਹੈ। ਉਨ੍ਹਾਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਪਾਰਟੀ ਵੱਲੋਂ ਸੰਜੀਦਾ ਰੂਪ ਵਿੱਚ ਚਰਚਾ ਕਰਦਿਆਂ ਕਿਹਾ ਕਿ ਹਮਖ਼ਿਆਲੀ ਤੇ ਨਰੋਈ ਸੋਚ ਵਾਲੀਆਂ ਧਿਰਾਂ ਨਾਲ਼ ਤਾਲਮੇਲ ਕਰਕੇ ਚੋਣਾਂ ਲੜੀਆਂ ਜਾਣਗੀਆਂ।
ਇਸ ਮੌਕੇ ਅਰਵਿੰਦਰ ਕੌਰ, ਕ੍ਰਿਸ਼ਨ ਚੌਹਾਨ, ਕੁਲਵਿੰਦਰ ਉੱਡਤ, ਵੇਦ ਪ੍ਰਕਾਸ਼, ਨਰਿੰਦਰ ਸੋਹਲ, ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਕਿਰਨਾ ਰਾਣੀ, ਨਰੇਸ਼ ਕੁਮਾਰ, ਮਲਕੀਤ ਸਿੰਘ, ਗੁਰਦਿਆਲ ਸਿੰਘ, ਕਪੂਰ ਸਿੰਘ ਕੋਟਲੱਲੂ, ਜਗਸੀਰ ਰਾਏਕੇ, ਹਰਮੀਤ ਸਿੰਘ ਬੋੜਾਵਾਲ, ਦਲਜੀਤ ਸਿੰਘ ਮਾਨਸ਼ਾਹੀਆ, ਮਲਕੀਤ ਸਿੰਘ ਬਖਸ਼ੀ ਵਾਲਾ, ਜਗਤਾਰ ਕਾਲਾ, ਗੁਰਦਾਸ ਟਾਹਲੀਆਂ ਆਦਿ ਹਾਜ਼ਰ ਸਨ।
