ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ’ਚ ਪਾਣੀ ਇਕ ਫੁੱਟ ਹੋਰ ਵਧਿਆ, ਲੋਕਾਂ ਨੇ ਬੰਨ੍ਹਾਂ ’ਤੇ ਡੇਰੇ ਲਾਏ

ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ; ਬਣਾਂਵਾਲੀ ਤੇ ਬੁੱਧ ਰਾਮ ਵੱਲੋਂ ਦੌਰਾ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਘੱਗਰ ਦਾ ਜਾਇਜ਼ਾ ਲੈਂਦੇ ਹੋਏ।
Advertisement

ਘੱਗਰ ਦਰਿਆ ਵਿੱਚ ਹੋਰ ਪਾਣੀ ਵੱਧਣ ਕਾਰਨ ਮਾਨਸਾ ਜ਼ਿਲ੍ਹੇ ਦੇ 40 ਪਿੰਡਾਂ ਦੇ ਲੋਕ ਹੋਰ ਡਰ ਗਏ ਹਨ। ਲੋਕਾਂ ਨੇ ਆਪਣੀ ਜਾਨ-ਮਾਲ ਸਮੇਤ ਘਰਾਂ ਤੇ ਪਸ਼ੂਆਂ ਦੀ ਰਾਖੀ ਕਰਨ ਲਈ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅੱਜ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੂੰ ਬੰਨ੍ਹ ਤਕੜੇ ਕਰਨ ਲਈ ਹੱਲਾਸ਼ੇਰੀ ਦੇ ਨਾਲ-ਨਾਲ ਡੀਜ਼ਲ ਅਤੇ ਮਸ਼ੀਨਰੀ ਮੁਹੱਈਆ ਕਰਵਾਈ ਗਈ। ਲੋਕਾਂ ਨੂੰ ਪਿੱਛੋਂ ਹੋਰ ਪਾਣੀ ਆਉਣ ਦੇ ਡਰ ਦਾ ਫ਼ਿਕਰ ਹੋਣ ਲੱਗਿਆ ਹੈ। ਬੰਨ੍ਹਾਂ ਦੀ ਦਿਨ-ਰਾਤ ਰਾਖੀ ਕਰ ਰਹੇ ਨੌਜਵਾਨਾਂ ਨੇ ਆਪਣੇ ਘਰ-ਬਾਰ ਤਿਆਗ ਰੱਖੇ ਹਨ ਅਤੇ ਉਹ ਚੱਤੋ-ਪਹਿਰ ਫ਼ਸਲਾਂ, ਘਰ-ਬਾਰ, ਪਿੰਡਾਂ ਨੂੰ ਬਚਾਉਣ ਲਈ ਡੱਟੇ ਹੋਏ ਹਨ। ਵੇਰਵਿਆਂ ਅਨੁਸਾਰ ਕੱਲ੍ਹ ਨਾਲੋਂ ਇੱਕ ਫੁੱਟ ਹੋਰ ਪਾਣੀ ਵੱਧਣ ਕਾਰਨ ਲੋਕ ਘਬਰਾਏ ਹੋਏ ਹਨ। ਬਹੁਤੇ ਪਿੰਡਾਂ ਵਿਚੋਂ ਲੋਕਾਂ ਨੇ ਪਰਿਵਾਰ ਦੇ ਜੀਆਂ ਨੂੰ ਰਿਸ਼ਤੇਦਾਰੀਆਂ ਵਿੱਚ ਭੇਜਣਾ ਆਰੰਭ ਕਰ ਦਿੱਤਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਖੱਤਰੀਵਾਲਾ ਦੇ ਅਨੇਕਾਂ ਪਰਿਵਾਰਾਂ ਨੂੰ ਧਰਮਸ਼ਾਲਾ ਵਿੱਚ ਸੁਰੱਖਿਅਤ ਥਾਂ ਵਜੋਂ ਠਹਿਰਾਇਆ ਗਿਆ ਹੈ। ਉਨ੍ਹਾਂ ਅੱਜ ਪਿੰਡ ਕਾਹਨਗੜ੍ਹ, ਖੁਡਾਲ, ਜਲਵੇੜਾ, ਦਿਆਲਪੁਰਾ, ਮੰਢਾਲੀ,ਅੱਕਾਂਵਾਲੀ ਦਾ ਦੌਰਾ ਕਰਕੇ ਲੋਕਾਂ ਦੀ ਹੌਸਲਾ ਅਫ਼ਜਾਈ ਕੀਤੀ। ਦੂਜੇ ਪਾਸੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਪਿੰਡ ਮੀਰਪੁਰ ਖੁਰਦ, ਮੀਰਪੁਰ ਕਲਾਂ, ਸਰਦੂਲੇਵਾਲਾ, ਜਗਤਗੜ੍ਹ ਬਾਂਦਰ, ਭਗਵਾਨਪੁਰ ਹੀਂਗਣਾ, ਹੀਰਕੇ, ਸਾਧੂਵਾਲਾ, ਭੂੰਦੜ, ਮੱਤੜ ਵਿੱਚ ਜਾਕੇ ਬੰਨ੍ਹਾਂ ਦਾ ਨਿਰੀਖਣ ਕੀਤਾ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲੱਗੇ ਦਿਨ-ਰਾਤ ਟਰੈਕਟਰਾਂ ਲਈ ਡੀਜ਼ਲ ਦਾ ਬੰਦੋਬਸਤ ਕੀਤਾ। ਇਸੇ ਦੌਰਾਨ ਪੰਜਾਬ ਭਾਜਪਾ ਨੇ ਰਾਜ ਵਿੱਚ ਭਾਰੀ ਮੀਂਹ ਕਾਰਨ ਬਣੀ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ’ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਜਨ-ਕਲਿਆਣ ਕੈਂਪਾਂ ਨੂੰ ਮੁਅੱਤਲ ਕਰਕੇ ਹੁਣ ਹੜ੍ਹਾਂ ’ਚ ਘਿਰੇ ਲੋਕਾਂ ਤੱਕ ਪਿੰਡਾਂ ਵਿੱਚ ਜਾਕੇ ਪਹੁੰਚ ਬਣਾਉਣੀ ਆਰੰਭ ਕਰ ਦਿੱਤੀ ਹੈ। ਭੀਖੀ ਇਲਾਕੇ ਵਿੱਚ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਨੂੰ ਮਿਲਣ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਭਾਜਪਾ ਆਗੂ ਨੇ ਕਿਹਾ ਕਿ ਇਹ ਦਿ੍ਰਸ਼ ਬਹੁਤ ਹੀ ਦੁੱਖਦਾਈ ਸੀ, ਜਿਥੇ ਕਿਸਾਨ ਆਪਣੇ ਖੇਤਾਂ ਵਿੱਚ ਖੁਦ ਬਰਮੇ ਲਗਾਕੇ ਪਾਣੀ ਕੱਢ ਰਹੇ ਸਨ, ਪ੍ਰੰਤੂ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ। ਸ੍ਰੀ ਨਕੱਈ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਅਜੇ ਵੀ ਪਿਛਲੇ ਪਾਸਿਆਂ ਤੋਂ ਪਾਣੀ ਆ ਰਿਹਾ ਹੈ ਅਤੇ ਹਾਲਾਤ ਇਹ ਹਨ ਕਿ ਫਸਲਾਂ ਦਾ 100 ਫੀਸਦੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਹਨਾਂ ਪਿੰਡਾਂ ਵਿੱਚ ਗਿਰਦਾਵਰੀ ਕਰਵਾਕੇ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕੁਝ ਸਹਾਰਾ ਮਿਲ ਸਕੇ।

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿੰਡ ਮੱਤੜ, ਲਹਿੰਗੇਵਾਲਾ ਤੇ ਰੰਗਾ ਆਦਿ ਵਿੱਚੋਂ ਲੰਘਦੇ ਘੱਗਰ ’ਚ ਪਾਣੀ ਖਤਰੇ ਦੀ ਨਿਸ਼ਾਨ ਤੋਂ ਉੱਪਰ ਬਹਿ ਰਿਹਾ ਹੈ। ਘੱਗਰ ਦਾ ਜਾਇਜ਼ਾ ਲੈਣ ਲਈ ਅੱਜ ਕਾਲਾਂਵਾਲੀ ਦੇ ਐਸਡੀਐਮ ਮੋਹਿਤ ਕੁਮਾਰ ਨੇ ਦੌਰਾ ਕੀਤਾ ਅਤੇ ਘੱਗਰ ਦੇ ਕੰਢਿਆਂ ਦਾ ਨਿਰੀਖਣ ਕੀਤਾ।

Advertisement

ਬਠਿੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸਾਰੇ ਲਾਜ਼ਮੀ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਲੋਕ 0164-2862100, 0164-2862101 ’ਤੇ ਸੰਪਰਕ ਕਰ ਸਕਦੇ ਹਨ।

ਘੱਗਰ ਕਾਰਨ ਦੋ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖ਼ਤਰਾ

ਸਿਰਸਾ (ਪ੍ਰਭੂ ਦਿਆਲ): ਘੱਗਰ ’ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੰਭਾਵੀ ਹੜ੍ਹ ਦੇ ਖਦਸ਼ੇ ਦੇ ਮੱਦੇਨਜ਼ਰ ਪਿੰਡਾਂ ਦੇ ਲੋਕ ਜਿਥੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲੱਗੇ ਹੋਏ ਹਨ ਉਥੇ ਹੀ ਦਿਨ ਰਾਤ ਬੰਨ੍ਹਾਂ ’ਤੇ ਪਹਿਰਾ ਵੀ ਦੇ ਰਹੇ ਹਨ। ਏਡੀਸੀ ਵਰਿੰਦਰ ਸਹਿਰਾਵਤ ਨੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ। ਐੱਸਡੀਐੱਮ ਤੇ ਸਿੰਜਾਈ ਵਿਭਾਗ ਦੇ ਅਧਿਕਾਰੀ ਲਗਾਤਾਰ ਬੰਨ੍ਹਾਂ ਦਾ ਨਿਰੀਖਣ ਕਰ ਰਹੇ ਹਨ। ਘੱਗਰ ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਸਹਿਰਾਵਤ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਕੰਮਜੋਰ ਥਾਵਾਂ ਤੋਂ ਬੰਨ੍ਹਾਂ ਨੂੰ ਮਜ਼ਬੂਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਕਿਹਾ ਕਿ ਭਾਵੇਂ ਘੱਗਰ ’ਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਰ ਸਥਿਤੀ ਕੰਟਰੋਲ ਵਿੱਚ ਹੈ। ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਸਿੰਚਾਈ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਘੱਗਰ ਦਰਿਆ ਅਤੇ ਨਾਲਿਆਂ ’ਤੇ ਹੋਰ ਨਿਗਰਾਨੀ ਵਧਾਈ ਜਾਵੇ। ਸਿੰਜਾਈ ਵਿਭਾਗ ਵੱਲੋਂ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਤੇ ਇਸ ਦੇ ਨੰਬਰ 01666-248882 ਅਤੇ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਦੇ ਟੈਲੀਫੋਨ ਨੰਬਰ 01666-248880 ਜਨਤਕ ਕੀਤੇ ਗਏ ਹਨ।

Advertisement
Show comments