ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਵਿੱਚ ਪਾਣੀ ਘਟਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ

ਪਿੱਛੋਂ ਆ ਰਹੇ ਪਾਣੀ ਕਾਰਨ ਲੋਕਾਂ ’ਚ ਸਹਿਮ ਬਰਕਰਾਰ; ਬਚਾਅ ਕਾਰਜਾਂ ਵਿੱਚ ਜੁਟੇ ਰਹੇ ਨੌਜਵਾਨ
ਪਿੰਡ ਨੇਜਾਡੇਲਾ ਦੇ ਖੇਤਾਂ ’ਚ ਭਰਿਆ ਘੱਗਰ ਦਾ ਪਾਣੀ।
Advertisement

ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ਵਿੱਚ ਭਾਵੇਂ ਪਾਣੀ ਦਾ ਪੱਧਰ ਅੱਜ ਕੱਲ੍ਹ ਨਾਲੋਂ ਹੋਰ ਘਟ ਗਿਆ ਹੈ, ਪਰ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਬਰਕਰਾਰ ਹੈ। ਨੌਜਵਾਨ ਬਚਾਅ ਕਾਰਜਾਂ ਵਿੱਚ ਅੱਜ ਵੀ ਸਾਰਾ ਦਿਨ ਜੁੱਟੇ ਰਹੇ। ਅੱਜ ਇਲਾਕੇ ਵਿੱਚ ਭਾਵੇਂ ਹਲਕੀਆਂ-ਫੁਲਕੀਆਂ ਕਣੀਆਂ ਡਿੱਗੀਆਂ, ਪਰ ਕੱਲ੍ਹ ਤੇ ਪਰਸੋਂ ਪਏ ਮੀਂਹ ਤੋਂ ਛੁਟਕਾਰਾ ਮਿਲਿਆ ਰਿਹਾ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਹਰਿਆਣਾ ਦੇ ਪਿੰਡ ਪਹਿਨਾਰੀ ਨੇੜੇ ਘੱਗਰ ਵਿੱਚ ਪਏ ਪਾੜ ਕਾਰਨ ਬੇਸ਼ੱਕ ਸਰਦੂਲਗੜ੍ਹ ਪੁਲ ਤੋਂ ਪਾਣੀ ਅੱਗੇ ਪੂਰੀ ਸਪੀਡ ਨਾਲ ਅੱਜ ਵੀ ਜਾ ਰਿਹਾ ਹੈ, ਜਿਸ ਕਰਕੇ ਪਾਣੀ ਦਾ ਪੱਧਰ 23 ਫੁੱਟ ਤੋਂ ਘਟਕੇ 21.2 ਫੁੱਟ ਰਹਿ ਗਿਆ ਹੈ। ਉੱਧਰ ਹਰਿਆਣਾ ਦੇ ਲੋਕਾਂ ਵੱਲੋਂ ਟੁੱਟ ਬੰਨ੍ਹ ਨੂੰ ਬੰਨ੍ਹਣ ਲਈ ਲਗਾਤਾਰ ਜੱਦੋ-ਜਹਿਦ ਹੁੰਦੀ ਰਹੀ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਭਾਵੇਂ ਪਾਣੀ ਘਟਣ ਨਾਲ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਪਰ ਅਗਲੇ ਦੋ ਦਿਨ ਘੱਗਰ ਦੇ ਪਾਣੀ ’ਤੇ ਪ੍ਰਸ਼ਾਸਨ ਅਤੇ ਬੰਨ੍ਹਾਂ ਦੀ ਮਜ਼ਬੂਤੀ ਵਿੱਚ ਜੁਟੇ ਹੋਏ ਨੌਜਵਾਨਾਂ ਵੱਲੋਂ ਹਰ ਵੇਲੇ ਚੌਕਸੀ ਰੱਖਣੀ ਪਵੇਗੀ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਦੇ ਅਨੁਸਾਰ 15 ਸਤੰਬਰ ਤੱਕ ਹਲਕੇ ਫੁਲਕੇ ਮੀਂਹ ਤੋਂ ਇਲਾਵਾ ਮੌਸਮ ਸਾਫ਼ ਹੀ ਰਹੇਗਾ ਅਤੇ ਇਸ ਨਾਲ ਜ਼ਮੀਨ ਵਿੱਚ ਆਈ ਨਮੀ ਵੀ ਖ਼ਤਮ ਹੋ ਜਾਵੇਗੀ। ਭਾਵੇਂ ਆਉਂਦੇ ਦਿਨਾਂ ਵਿੱਚ ਘੱਗਰ ਦੇ ਘਟਦੇ ਪਾਣੀ ਨੂੰ ਲੈ ਕੇ ਚਿੰਤਾ ਘਟਣ ਲੱਗੀ ਹੈ, ਪਰ ਪਾਣੀ ਦਾ ਉਛਾਲ ਕਿਸੇ ਵੇਲੇ ਵੀ ਵਧ ਸਕਦਾ ਹੈ। ਘੱਗਰ ਦੇ ਕਿਨਾਰਿਆਂ ਉਪਰ ਲੋਕਾਂ ਅਤੇ ਫ਼ੌਜ ਦੇ ਠੀਕਰੀ ਪਹਿਰੇ ਲੱਗੇ ਹੋਏ ਹਨ।

ਘੱਗਰ ਦਾ ਪਾਣੀ ਪਿੰਡ ਨੇਜਾਡੇਲਾ ਤੱਕ ਪੁੱਜਾ

Advertisement

ਸਿਰਸਾ (ਪ੍ਰਭੂ ਦਿਆਲ): ਸਿਰਸਾ ਦੇ ਪਿੰਡ ਪਰਿਹਾਰੀ ਵਿੱਚੋਂ ਲੰਘਦੀ ਘੱਗਰ ਨਦੀ ਦਾ ਬੰਨ੍ਹ ਟੁੱਟਣ ਤੋਂ ਬਾਅਦ ਉੱਥੋਂ ਪਾਣੀ ਨੇਜਾਡੇਜਾ ਪਹੁੰਚ ਗਿਆ ਹੈ। ਅੱਜ ਸਵੇਰੇ ਜਿਵੇਂ ਹੀ ਪਾਣੀ ਖੇਤਾਂ ਵਿੱਚ ਪਹੁੰਚਿਆ, ਪਿੰਡ ਵਾਸੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਉਦੋਂ ਤੋਂ ਪਿੰਡ ਵਾਸੀ ਨੇਜਾਡੇਲਾ ਤੋਂ ਮੱਲੇਵਾਲਾ ਰੋਡ ’ਤੇ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਪਿੰਡ ਵਾਸੀ ਮਨਰੇਗਾ ਦੇ ਸਹਿਯੋਗ ਨਾਲ ਬੰਨ੍ਹ ’ਤੇ ਮਿੱਟੀ ਪਾ ਰਹੇ ਹਨ। ਨੇਜਾਡੇਲਾ ਕਲਾਂ ਤੋਂ ਸਾਬਕਾ ਸਰਪੰਚ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਮੱਲੇਵਾਲਾ ਰੋਡ ’ਤੇ ਰਿੰਗ ਬੰਨ੍ਹ ਦੇ ਨੇੜੇ ਖੇਤਾਂ ਵਿੱਚ ਪਾਣੀ ਢਾਈ ਤੋਂ ਤਿੰਨ ਫੁੱਟ ਵਧ ਗਿਆ ਹੈ। ਹਾਲਾਂਕਿ ਪਿੰਡ ਦੇ ਲਗਭਗ ਇੱਕ ਹਜ਼ਾਰ ਲੋਕ ਘੱਗਰ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਲਈ ਪਨੀਹਾਰੀ ਗਏ ਹਨ, ਪਰ ਇੱਥੇ ਵੀ ਪਿੰਡ ਵਾਸੀਆਂ ਨੇ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨਹੀਂ ਤਾਂ ਇਹ ਆਲੇ-ਦੁਆਲੇ ਦੀਆਂ ਢਾਣੀਆਂ ਲਈ ਵੀ ਵੱਡਾ ਖ਼ਤਰਾ ਪੈਦਾ ਕਰੇਗਾ। ਇਸ ਸਮੇਂ ਓਟੂ ਹੈੱਡ ’ਤੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਉੱਚਾ ਹੈ। ਪਾਣੀ ਪੁਲ ਦੇ ਕਿਨਾਰਿਆਂ ਨੂੰ ਛੋਹ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਓਟੂ ਹੈੱਡ ’ਤੇ ਡਾਊਨ ਵੀਅਰ ਵਿੱਚ 27 ਹਜ਼ਾਰ 500 ਕਿਊਸਿਕ ਪਾਣੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵੱਲ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਘੱਗਰ ਦਾ ਪਾਣੀ ਨੇਜਾਡੇਲਾ ਕਲਾਂ ਅਤੇ ਮੱਲੇਵਾਲਾ ਵੱਲ ਆਉਂਦਾ ਹੈ ਤਾਂ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਦਾ ਸੰਪਰਕ ਵੀ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਓਟੂ ਹੈੱਡ ’ਤੇ ਪਾਣੀ ਪਹਿਲਾਂ ਹੀ ਘਟ ਗਿਆ ਹੈ। ਇਸ ਦੇ ਨਾਲ ਹੀ ਘੱਗਰ ਬੰਨ੍ਹ ਟੁੱਟਣ ਕਾਰਨ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਵਹਿ ਗਿਆ ਹੈ, ਜਿਸਦਾ ਵੀ ਅਸਰ ਪਿਆ ਹੈ।

ਬੰਨ੍ਹਾਂ ਦੀ 24 ਘੰਟੇ ਨਿਗਰਾਨੀ ਦੇ ਦਾਅਵੇ

ਏਲਨਾਬਾਦ (ਜਗਤਾਰ ਸਮਾਲਸਰ): ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਘੱਗਰ ਨਦੀ ਦੇ ਮੁੱਖ ਬੰਨ੍ਹ ਸੁਰੱਖਿਅਤ ਅਤੇ ਪਾਣੀ ਦਾ ਪੱਧਰ ਵੀ ਸਥਿਰ ਹੋਣ ਦੇ ਦਾਅਵੇ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 24 ਟੀਮਾਂ ਘੱਗਰ ਨਦੀ ਨੂੰ ਅੱਠ ਸੈਕਟਰਾਂ ਵਿੱਚ ਵੰਡ ਕੇ ਨਿਗਰਾਨੀ ਕਰ ਰਹੀਆਂ ਹਨ। ਪਿੰਡ ਵਾਸੀ ਵੀ ਬੰਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ ਅਤੇ ਨਿਗਰਾਨੀ ਕਰ ਰਹੇ ਹਨ। ਐੱਸਡੀਐੱਮ ਏਲਨਾਬਾਦ, ਤਹਿਸੀਲਦਾਰ ਰਾਣੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਘੱਗਰ ਦੇ ਬੰਨ੍ਹਾਂ, ਫਲੱਡੀ ਨਹਿਰਾਂ ਅਤੇ ਸੇਮ ਨਾਲੇ ਦਾ ਨਿਰੀਖਣ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ। ਰਾਣੀਆ ਦੇ ਤਹਿਸੀਲਦਾਰ ਸ਼ੁਭਮ ਸ਼ਰਮਾ ਨੇ ਨਕੌਡਾ ਖੇਤਰ ਦਾ ਨਿਰੀਖਣ ਕੀਤਾ ਜਦੋਂਕਿ ਐੱਸਡੀਐੱਮ ਏਲਨਾਬਾਦ ਨੇ ਰਾਜਸਥਾਨ ਸਾਈਫਨ, ਕਰਮਸ਼ਾਨਾ ਮਾਈਨਰ, ਏਲਨਾਬਾਦ ਡਿਸਟ੍ਰੀਬਿਊਟਰੀ ਦਾ ਨਿਰੀਖਣ ਕੀਤਾ ਤੇ ਬੀਡੀਪੀਓ ਸਟਾਲਿਨ ਸਿਧਾਰਥ ਸਚਦੇਵਾ ਨੇ ਸ਼ਕਰ ਮੰਦੋਰੀ ਸਮੇਤ ਵੱਖ-ਵੱਖ ਖੇਤਰਾਂ ਦਾ ਨਿਰੀਖਣ ਕੀਤਾ।

Advertisement
Show comments