ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ’ਚ ਪਾਣੀ ਘਟਿਆ ਪਰ ਖ਼ਤਰਾ ਬਰਕਰਾਰ

ਪਿੰਡ ਪਹਿਨਾਰੀ ’ਚ ਲੋਕਾਂ ਨੇ ਪਾਡ਼ ਪੂਰਿਆ; ਅਧਿਕਾਰੀਆਂ ਵੱਲੋਂ ਬੰਨ੍ਹ ਦਾ ਜਾਇਜ਼ਾ
ਸਿਰਸਾ ਨੇੜੇ ਮੰਗਲਵਾਰ ਨੂੰ ਘੱਗਰ ਦੇ ਬੰਨ੍ਹ ’ਤੇ ਮਿੱਟੀ ਦੇ ਬੋਰੇ ਲਾਉਂਦੇ ਹੋਏ ਲੋਕ। -ਫੋਟੋ: ਪ੍ਰਭੂ ਦਿਆਲ
Advertisement

ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓ ਲੰਘਦੇ ਘੱਗਰ ਵਿੱਚ ਭਾਵੇਂ ਪਾਣੀ ਦਾ ਪੱਧਰ ਘਟਿਆ ਹੈ, ਪਰ ਹੜ੍ਹਾਂ ਦਾ ਖ਼ਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਲੋਕਾਂ ਵੱਲੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਜੇਕਰ ਹੋਰ ਮੀਂਹ ਨਾ ਪਿਆ ਤਾਂ ਘੱਗਰ ਹੁਣ ਮਾਰ ਨਹੀਂ ਕਰੇਗਾ। ਹਰਿਆਣਾ ਦੇ ਪਿੰਡ ਪਹਿਨਾਰੀ ਵਿੱਚ ਘੱਗਰ ਵਿੱਚ ਪਿਆ ਪਾੜ ਲੋਕਾਂ ਵੱਲੋਂ ਪੂਰ ਲਿਆ ਗਿਆ ਹੈ। ਇਹ ਪਾੜ ਪੈਣ ਨਾਲ ਹਰਿਆਣਾ ਦੇ ਕਈ ਪਿੰਡਾਂ ਵਿੱਚ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਪਰ ਲੋਕਾਂ ਦੀ ਹਿੰਮਤ ਨਾਲ ਡੁੱਬੀਆਂ ਫ਼ਸਲਾਂ ਵਿੱਚ ਹੋਰ ਪਾਣੀ ਭਰਨਾ ਰੁੱਕ ਗਿਆ ਹੈ, ਜਦੋਂ ਕਿ ਘੱਗਰ ਵਿੱਚ ਕੱਲ੍ਹ ਤੱਕ ਪਾਣੀ ਘੱਟਣ-ਵੱਧਣ ਦੀ ਪੁਜੀਸ਼ਨ ਨੂੰ ਹੁਣ ਇਲਾਕੇ ਦੇ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੜੀ ਅਹਿਮੀਅਤ ਨਾਲ ਵੇਖਣ ਲੱਗਣ ਹਨ।

ਅੱਜ ਮੰਗਲਵਾਰ ਨੂੰ ਘੱਗਰ ਦੇ ਪਾਣੀ ਦਾ ਉਛਾਲ 21 ਫੁੱਟ ਵਹਿੰਦਾ ਰਿਹਾ, ਜੋ ਕੱਲ੍ਹ ਨਾਲੋਂ ਦੋ ਇੰਚ ਹੋਰ ਹੇਠਾਂ ਹੋ ਗਿਆ, ਜਿਸ ਨੂੰ ਲੈਕੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਚਾਂਦਪੁਰਾ ਸਾਈਫਨ ਦਾ ਪਾਣੀ ਵੀ ਥੋੜ੍ਹਾ ਹੇਠਾਂ ਆਇਆ ਹੈ, ਜਦੋਂ ਕਿ ਉਥੇ ਵੀ ਘੱਗਰ ਦਾ ਪਾਣੀ ਪਿੱਛੇ ਤੋਂ ਘੱਟਣਾ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਚਾਂਦਪੁਰਾ ਤੋਂ ਲੈਕੇ ਸਰਦੂਲਗੜ੍ਹ ਤੱਕ ਕਿਤੇ ਵੀ ਮੀਂਹ ਨਹੀਂ ਪਿਆ ਅਤੇ ਲਗਾਤਾਰ ਘੱਗਰ ਸ਼ਾਂਤਮਈ ਵਹਿੰਦਾ ਰਿਹਾ, ਪਰ ਲੋਕਾਂ ਵੱਲੋਂ ਘੱਗਰ ਦੇ ਆਲੇ-ਦੁਆਲੇ ਲੋਕਾਂ ਦੇ ਠੀਕਰੀ ਪਹਿਰੇ ਚੱਲ ਰਹੇ ਹਨ। ਘੱਗਰ ਦੇ ਪਾਣੀ ਦਾ ਘੱਟਦਾ ਪੱਧਰ ਦੇਖਕੇ ਲੱਗਦਾ ਹੈ ਕਿ ਘੱਗਰ ਦੇ ਪਾਣੀ ਤੋਂ ਖ਼ਤਰਾ ਬਹੁਤ ਘਟ ਗਿਆ ਹੈ ਅਤੇ ਹੁਣ ਇਸ ਦੇ ਪਾਣੀ ਵਿਚ ਹੋਰ ਉਛਾਲ ਆਉਣ ਦੀ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਬਹੁਤ ਘੱਟ ਉਮੀਦ ਜਿਤਾਈ ਜਾਣ ਲੱਗੀ ਹੈ। ਭਾਵੇਂ ਘੱਗਰ ਵਿੱਚ ਪਾਣੀ ਦਾ ਪੱਧਰ ਘਟਿਆ ਹੈ, ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਘੱਗਰ ਦੇ ਕਿਨਾਰਿਆਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਉਸ ਉਪਰ ਰਾਤ ਨੂੰ ਵੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿੱਥੇ ਵੀ ਘੱਗਰ ਦੇ ਬੰਨ੍ਹਾਂ ’ਤੇ ਕੰਮਜ਼ੋਰੀ ਵੇਖੀ ਜਾਂਦੀ ਹੈ, ਕਿਸਾਨ ਉਥੇ ਹੀ ਮਿੱਟੀ ਪਾ ਰਹੇ ਹਨ। ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਹੁਣ ਹਾਲਾਤ ਆਮ ਵਰਗੇ ਹਨ। ਘੱਗਰ ਦਾ ਪਾਣੀ ਲਗਾਤਾਰ ਘਟ ਰਿਹਾ ਹੈ ਅਤੇ ਪਿੱਛੇ ਤੋਂ ਵੀ ਘੱਗਰ ਦੇ ਪਾਣੀ ਵਿਚ ਕੋਈ ਉਛਾਲ ਨਹੀਂ ਹੈ, ਜਿਸ ਕਰਕੇ ਲੋਕਾਂ ਦੇ ਫਿਕਰ ਅਤੇ ਚਿੰਤਾਵਾਂ ਘਟ ਗਈਆਂ ਹਨ। ਉਧਰ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਘੱਗਰ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੀਹਾਂ ਨਾਲ ਇਸ ਇਲਾਕੇ ਵਿਚ ਹੋਏ ਲੋਕਾਂ ਦੇ ਨੁਕਸਾਨ ਦੀ ਭਰਪਾਈ ਛੇਤੀ ਕਰਨੀ ਚਾਹੀਦੀ ਹੈ ਅਤੇ ਜੋ ਫ਼ਸਲ ਦਾ ਨੁਕਸਾਨ ਹੋਇਆ ਹੈ, ਉਸ ਵਾਸਤੇ ਲਈ ਸਰਕਾਰ ਕਿਸਾਨਾਂ ਲਈ ਸਹਿਯੋਗ ਰਾਸ਼ੀ ਜਾਰੀ ਕਰੇ। ਇਸੇ ਦੌਰਾਨ ਚਾਂਦਪੁਰਾ ਬੰਨ੍ਹ ’ਤੇ ਅੱਜ ਹਰਿਆਣਾ ਦੇ ਫ਼ਤਿਆਬਾਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਦੀਪ ਕੌਰ ਲਗਾਤਾਰ ਅਧਿਕਾਰੀਆਂ ਨੂੰ ਲੈ ਕੇ ਮੁਆਇਨਾ ਕੀਤਾ। ਬੇਸ਼ੱਕ ਉਨ੍ਹਾਂ ਦਾ ਤਬਾਦਲਾ ਹੋ ਗਿਆ ਹੈ, ਪਰ ਹਰਿਆਣਾ ਦੇ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਦੇ ਘੱਗਰ ਉਪਰ ਔਖੀ ਘੜੀ ਕੀਤੇ ਕੰਮ ਨੂੰ ਲੈਕੇ ਤਬਾਦਲਾ ਰੋਕਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਸੰਘਰਸ਼ ਲਈ ਅੱਜ ਚਾਂਦਪੁਰਾ ਤੋਂ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨਵਜੋਤ ਕੌਰ ਨੇ ਭਾਰੀ ਮੀਂਹ ਕਾਰਨ ਕੁਝ ਸਕੂਲਾਂ ਵਿੱਚ ਚੌਕਸੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ 10 ਤੋਂ 11 ਸਤੰਬਰ ਨੂੰ ਛੁੱਟੀ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੁਢਲਾਡਾ ਪਿੰਡ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਨਾਨਕ ਬਸਤੀ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਹੋਡਲਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਹਮੀਰਗੜ੍ਹ ਢੈਪਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਪਿੰਡ ਅਤੇ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਸ਼ਾਮਲ ਹਨ।

Advertisement

ਬੰਨ੍ਹਾਂ ਨੂੰ ਮਜ਼ਬੂਤ ’ਚ ਜੁਟੇ ਕਿਸਾਨ ਤੇ ਮਜ਼ਦੂਰ

ਸਿਰਸਾ (ਪ੍ਰਭੂ ਦਿਆਲ): ਘੱਗਰ ’ਚ ਭਾਵੇਂ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਹਾਲੇ ਵੀ ਲੋਕਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਦਰਜਨਾਂ ਪਿੰਡਾਂ ਦੇ ਕਿਸਾਨ ਦੇ ਮਜ਼ਦੂਰ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਦਿਨ ਰਾਤ ਇਕ ਕੀਤਾ ਹੋਇਆ ਹੈ। ਘੱਗਰ ਦੇ ਆਰਜੀ ਬੰਨ੍ਹਾਂ ’ਚ ਪਇਆਂ ਪਾੜਾਂ ਕਾਰਨ ਸੈਂਕੜ ਏਕੜ ਫ਼ਸਲ ਨੁਕਸਾਨੀ ਗਈ ਹੈ। ਪ੍ਰਸ਼ਾਸਨ ਵੱਲੋਂ ਘੱਗਰ ਨਦੀ ਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਨਿਰੀਖਣ ਕੀਤਾ ਜਾ ਰਿਹਾ ਹੈ। ਨਰੇਗਾ ਮਜ਼ਦੂਰ ਵੀ ਕਿਸਾਨਾਂ ਦੇ ਨਾਲ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲਗੇ ਹੋਏ ਹਨ ਤਾਂ ਜੋ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਘੱਗਰ ਨਦੀ ’ਚ ਡੇਢ ਫੁੱਟ ਦੇ ਕਰੀਬ ਪਾਣੀ ਦਾ ਪੱਧਰ ਘੱਟ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਵੇਲੇ ਜ਼ਿਲ੍ਹੇ ਵਿੱਚ ਪਾਣੀ ਦਾ ਪੱਧਰ ਸਥਿਰ ਹੈ ਅਤੇ ਘੱਗਰ ਦੇ ਮੁੱਖ ਬੰਨ੍ਹ ਸੁਰੱਖਿਅਤ ਹਨ। ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤ ਰਿਹਾ ਅਤੇ ਪੂਰੀ ਚੌਕਸੀ ਅਤੇ ਚੌਕਸੀ ਨਾਲ ਕੰਮ ਵਿੱਚ ਲੱਗਾ ਹੋਇਆ ਹੈ। ਸਿੰਚਾਈ ਵਿਭਾਗ ਦੀਆਂ 24 ਟੀਮਾਂ ਘੱਗਰ ਨਦੀ ਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘੱਗਰ ਨਦੀ ਤੋਂ ਇਲਾਵਾ ਜ਼ਿਲ੍ਹੇ ਵਿੱਚ ਸਥਿਤ ਨਾਲਿਆਂ ਅਤੇ ਨਹਿਰਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਰਸਾ ਦੇ ਐਸਡੀਐਮ ਵੱਲੋਂ ਅੱਜ ਮੀਰਪੁਰ ਪਨੀਹਾਰੀ ਅਤੇ ਹਿਸਾਰ ਘੱਗਰ-ਡਰੇਨ ਸਮੇਤ ਘੱਗਰ ਦੇ ਹੋਰ ਬੰਨ੍ਹਾਂ ਦਾ ਨਿਰੀਖਣ ਕੀਤਾ। ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸੰਦੀਪ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ ਮੁੱਖ ਬੰਨ੍ਹ ਸੁਰੱਖਿਅਤ ਹਨ। ਸਾਰੀਆਂ 24 ਟੀਮਾਂ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਦੁਪਹਿਰ 2 ਵਜੇ ਤੱਕ ਸਰਦੂਲਗੜ੍ਹ ਪੁਆਇੰਟ ’ਤੇ ਘੱਗਰ ਦਾ ਪਾਣੀ ਦਾ ਪੱਧਰ 37180 ਕਿਊਸਿਕ ਸੀ ਜਦੋਂ ਕਿ ਓਟੂ ਵੀਅਰ ਵਿੱਚ 27000 ਕਿਊਸਿਕ ਪਾਣੀ ਹੇਠਾਂ ਵੱਲ ਵਗ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਦਰਿਆ ਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ। ਸਾਵਧਾਨੀ ਵਜੋਂ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਘੱਗਰ ਦੇ ਬੰਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਸਥਿਤ ਨਾਲਿਆਂ ਨਹਿਰਾਂ ਆਦਿ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸਾਰੇ ਲੋੜੀਂਦੇ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ। ਅਧਿਕਾਰੀ ਮੌਕੇ ਦਾ ਦੌਰਾ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ।

Advertisement
Show comments