ਧੌਲਾ ਗਰਿੱਡ ’ਚ ਪਾਣੀ ਭਰਿਆ, ਸਪਲਾਈ ਠੱਪ
ਪਿੰਡ ਧੌਲਾ ਦੇ 66 ਕੇਵੀ ਗਰਿੱਡ ਸਟੇਸ਼ਨ ਵਿੱਚ ਪਾਣੀ ਭਰਨ ਕਾਰਨ ਕਈ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਜਾਣਕਾਰੀ ਅਨੁਸਾਰ ਭਾਰੀ ਮੀਂਹ ਨਾਲ ਜਿਵੇਂ ਹੀ ਪਾਣੀ ਗਰਿੱਡ ਦੀ ਚਾਰਦੀਵਾਰੀ ਅੰਦਰ ਦਾਖਲ ਹੋਣ ਲੱਗਾ ਤਾਂ ਗਰਿੱਡ ਇੰਚਾਰਜ ਅਰਸ਼ਦੀਪ ਸਿੰਘ ਮਾਨ ਨੇ ਦੋ ਜੇਸੀਬੀ ਮਸ਼ੀਨਾਂ ਮੰਗਵਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਖੇਤਾਂ ਵਿੱਚੋਂ ਆ ਰਿਹਾ ਪਾਣੀ ਨਾ ਰੁਕਿਆ ਤੇ ਇਸ ਦੇ ਅੰਦਰ ਲੱਗੇ ਬਰੇਕਰਾਂ ਤੱਕ ਜਾਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ। ਜਦੋਂ ਜਾਣਕਾਰੀ ਇਲਾਕੇ ਦੇ ਲੋਕਾਂ ਤੱਕ ਪੁੱਜੀ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਆ ਕੇ ਦਫ਼ਤਰ ਅੰਦਰ ਦਾਖਲ ਪਾਣੀ ਨੂੰ ਕੱਢਣ ਲੱਗੇੇ। ਖਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਬਹਾਲ ਕਰਨ ਲਈ ਯਤਨ ਜਾਰੀ ਸਨ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਜਲੀ ਸਪਲਾਈ ਦਾ ਬਹਾਲ ਹੋਣਾ ਮੁਸ਼ਕਿਲ ਲੱਗ ਰਿਹਾ ਸੀ। ਐਕਸੀਅਨ ਗਰਿੱਡ ਦੀਪਇੰਦਰ ਪ੍ਰਤਾਪ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਣੀ ਕੰਟਰੋਲ ਕਰਨ ਵਾਸਤੇ ਸਵੇਰ ਤੋਂ ਹੀ ਯਤਨ ਜਾਰੀ ਹਨ। ਜਦੋਂ ਵੀ ਗਰਿੱਡ ਪਾਣੀ ਤੋਂ ਸੁਰੱਖਿਅਤ ਹੋ ਗਿਆ, ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।