ਨਸ਼ਿਆਂ ਵਿਰੁੱਧ ਜੰਗ: ਚੀਮਾ ਦੇ ਲੋਕਾਂ ਨੇ ਚੁਣਿਆ ਨਿਵੇਕਲਾ ਰਾਹ
ਨਸ਼ੇ ਦੀ ਮਾਰ ਤੋਂ ਜਵਾਨੀ ਨੂੰ ਬਚਾਉਣ ਲਈ ਪਿੰਡਾਂ ਦੇ ਲੋਕ ਖ਼ੁਦ ਅੱਗੇ ਆ ਰਹੇ ਹਨ। ਪਿੰਡ ਚੀਮਾ ਵਿਖੇ ਨਸ਼ੇ ਦੇ ਰਾਹ ਪਈ ਜਵਾਨੀ ਨੂੰ ਮੁੜ ਮੁੱਖ ਧਾਰਾ ’ਚ ਲਿਆਉਣ ਲਈ ਪਿੰਡ ਵਾਸੀ ਹੋਕਾ ਦੇ ਰਹੇ ਹਨ। ਪਿੰਡ ਦੇ ਬੁੱਧੀਜੀਵੀ ਵਰਗ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਨਸ਼ੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਜਾਗਰੂਕਤਾ ਬੈਨਰ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਾਏ ਹਨ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਵਿੱਚ ਬੈਨਰ ਲਾਉਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਰਾਹੀਂ ਸਮਾਜ ਨੂੰ ਸੇਧ ਦੇਣੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀ ਉਮਰੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਰੰਗਲੀ ਜਵਾਨੀ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਪੜ੍ਹਦੇ ਬੱਚੇ ਵੀ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ।
ਉਨ੍ਹਾਂ ਕਿਹਾ ਕਿ ਬੈਨਰਾਂ ਰਾਹੀ ਨੌਜਵਾਨਾਂ ਨੂੰ ਜਾਗੂਰਤ ਕੀਤਾ ਗਿਆ ਹੈ ਕਿ ਨਸ਼ੇ ਉਨ੍ਹਾਂ ਦੀ ਜ਼ਿੰਦਗੀ ਬਰਬਾਰ ਕਰ ਰਹੇ ਹਨ ਤੇ ਉਹ ਦ੍ਰਿੜ ਇਰਾਦੇ ਨਾਲ ਇਸ ਦੇ ਜਾਲ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਨਣ। ਉਨ੍ਹਾਂ ਕਿਹਾ ਪਿੰਡ ਵਿੱਚ ਬਹੁਤ ਸਾਰੇ ਸਮਾਜ ਸੇਵੀ ਕਲੱਬ ਤੇ ਜਥੇਬੰਦੀਆਂ ਮੌਜੂਦ ਹਨ, ਪਰ ਕਿਸੇ ਵੱਲੋਂ ਵੀ ਨਸ਼ਿਆਂ ਦੀ ਰੋਕਥਾਮ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪਿੰਡ ਦੇ ਸਮੂਹ ਕਲੱਬਾਂ, ਜਥੇਬੰਦੀਆਂ ਤੇ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਕਾਰਨ ਪਿੰਡ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ। ਪਿੰਡ ਵਿੱਚ ਨਸ਼ਿਆਂ ਸਬੰਧੀ ਸੈਮੀਨਾਰ ਕਰਵਾਏ ਜਾਣ, ਨਾਟਕ ਮੇਲੇ ਕਰਵਾਏ ਜਾਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾ ਕੇ ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਛੱਡਣਾ ਚਾਹੁੰਦੇ ਹੋਣ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਇਸ ਮੌਕੇ ਅਵਤਾਰ ਸਿੰਘ, ਸੰਦੀਪ ਸਿੰਘ ਜ਼ਿਲ੍ਹਾ ਆਗੂ ਬੀਕੇਯੂ ਡਕੌਂਦਾ, ਆਜ਼ਾਦ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਡਾ. ਕਰਮਜੀਤ ਸਿੰਘ ਬੱਬੂ ਵੜੈਚ, ਪੰਚ ਗੁਰਮੇਲ ਸਿੰਘ, ਨਰਿੰਦਰ ਸਿੰਘ ਮਣਕੂ, ਅਵਤਾਰ ਸਿੰਘ ਮਣਕੂ, ਕਲੱਬ ਸੇਵਾ ਸਿੰਘ ਚੀਮਾ, ਮੱਲ ਸਿੰਘ, ਗੁਰਦੇਵ ਸਿੰਘ, ਗਿਆਨ ਚੰਦ, ਮੱਖਣ ਸਿੰਘ ਆਦਿ ਹਾਜ਼ਰ ਸਨ।
