ਯੁੱਧ ਨਸ਼ਿਆਂ ਵਿਰੁੱਧ: ਸਾਦਿਕ ’ਚ ਤਸਕਰ ਦੇ ਘਰ ’ਤੇ ਪੀਲਾ ਪੰਜਾ ਚੱਲਿਆ
ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਨੌਂ ਪਰਚੇ ਦਰਜ
Advertisement
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤਹਿਤ ਅੱਜ ਸਾਦਿਕ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਪ੍ਰਸ਼ਾਸਨ ਵੱਲੋਂ ਢਾਇਆ ਗਿਆ। ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰਗਿਆ ਜੈਨ ਦੱਸਿਆ ਕਿ ਥਾਣਾ ਸਾਦਿਕ ਅਧੀਨ ਪੈਂਦੇ ਸੰਗਤਪੁਰਾ ਰੋਡ ਦੇ ਵਸਨੀਕ ਕ੍ਰਿਸ਼ਨ ਸਿੰਘ ਵੱਲੋਂ ਨਾਜਾਇਜ਼ ਉਸਾਰੀ ਕੀਤੀ ਗਈ ਸੀ, ਜਿਸ ਨੂੰ ਢਾਉਣ ਲਈ ਸਮਰੱਥ ਅਥਾਰਟੀ ਤੋਂ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਅੱਜ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਇਸ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਸਿੰਘ ਖ਼ਿਲਾਫ਼ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ ਨੌਂ ਮੁਕੱਦਮੇ ਦਰਜ ਹਨ। ਬਲਾਕ ਵਿਕਾਸ ਤੇ ਪੰਚਾਇਤ ਅ਼ਫਸਰ ਨੱਥਾ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਵੱਲੋਂ ਨਾਜਾਇਜ਼ ਤੌਰ ’ਤੇ ਉਸਾਰੀ ਕੀਤੀ ਗਈ ਸੀ ਅਤੇ ਗਰਾਮ ਪੰਚਾਇਤ ਸਾਦਿਕ ਵੱਲੋਂ ਇਸ ਉਸਾਰੀ ਨੂੰ ਢਾਉਣ ਲਈ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ ਪਰ ਕਬਜ਼ਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਜੇਸੀਬੀ ਨਾਲ ਕਾਰਵਾਈ ਕਰਨੀ ਪਈ।
Advertisement
ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰਗਿਆ ਜੈਨ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਸ਼ਾ ਤਸਕਰੀ ਕਰਕੇ ਜਾਂ ਗ਼ੈਰ-ਕਾਨੂੰਨੀ ਤਰੀਕੇ ਜਾਇਦਾਦ ਬਣਾਵੇਗਾ, ਉਸ ਨੂੰ ਕਾਨੂੰਨ ਮੁਤਾਬਿਕ ਜ਼ਬਤ ਕੀਤਾ ਜਾਵੇਗਾ।
Advertisement