ਯੁੱਧ ਨਸ਼ਿਆਂ ਵਿਰੁੱਧ: ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦਿੱਤੀ
ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰਨਗੇ ਕਮੇਟੀਆਂ ਦੇ ਮੈਂਬਰ: ਬੁੱਧ ਰਾਮ
Advertisement
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕ੍ਰਿਸ਼ਨਾ ਕਾਲਜ ਰੱਲੀ ਵਿੱਚ ਹਲਕਾ ਬੁਢਲਾਡਾ ਦੇ 66 ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਪਛਾਣ ਪੱਤਰ ਅਤੇ ਕਿਤਾਬਚੇ ਵੰਡੇ ਗਏ। ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਹਾਜ਼ਰ ਵਿਅਕਤੀਆਂ ਨੂੰ ‘ਸੇਫ ਪੰਜਾਬ’ ਐਪ ਸਬੰਧੀ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ ਉਹ ਆਪਣੇ ਖੇਤਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਵੇਰਵੇ ਦੇਣਗੇ। ਉਨ੍ਹਾਂ ਕਿਹਾ ਕਿ ਡਿਫੈਂਸ ਕਮੇਟੀਆਂ ਪਿੰਡ ਪੱਧਰ ਉੱਤੇ ਨਸ਼ਿਆਂ ਨੂੰ ਠੱਲ ਪਾ ਕੇ ਨਵੇਂ ਸਮਾਜ ਦੀ ਸਿਰਜਣਾ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੀਆਂ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਬੇਝਿਜਕ ਗੁਪਤ ਸੂਚਨਾਵਾਂ ਸਾਂਝੀਆਂ ਕੀਤੇ ਜਾਣ ਨਾਲ ਪਿੰਡਾਂ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਰੋਕੂ ਮੋਬਾਈਲ ਐਪ, ਗੁਪਤ ਸੂਚਨਾਵਾਂ ਪੁਲੀਸ ਤੱਕ ਪਹੁੰਚਾਉਣ ਦਾ ਮਾਧਿਅਮ ਹੋਵੇਗੀ ਤੇ ਪੁਲੀਸ ਸੀਮਤ ਸਮੇਂ ਅੰਦਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਵੇਗੀ। ਇਸ ਮੌਕੇ ਐੱਸ.ਡੀ.ਐੱਮ. ਬੁਢਲਾਡਾ ਗਗਨਦੀਪ ਸਿੰਘ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਵੀ ਮੌਜੂਦ ਸਨ।
Advertisement
Advertisement
