ਨਗਰਪਾਲਿਕਾ ਕਾਲਾਂਵਾਲੀ ਦੀ ਚੋਣ ਲਈ ਵੋਟਿੰਗ ਅੱਜ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਜੂਨ
ਨਗਰਪਾਲਿਕਾ ਕਾਲਾਂਵਾਲੀ ਦੀ ਚੋਣ ਲਈ ਸ਼ਹਿਰ ਵਿੱਚ ਭਲਕੇ 29 ਜੂਨ ਨੂੰ ਵੋਟਾਂ ਪੈਣਗੀਆਂ। ਇਸ ਚੋਣ ਵਿੱਚ 14 ਵਾਰਡਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਦਸ ਅਤੇ ਕੌਂਸਲਰ ਦੇ ਅਹੁਦੇ ਲਈ 41 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂਕਿ ਵਾਰਡ 12 ਤੋਂ ਅਮਨਦੀਪ ਕੌਰ ਅਤੇ ਵਾਰਡ 15 ਤੋਂ ਹਰਵਿੰਦਰ ਸਿੰਘ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ। ਚੋਣ ਵਿੱਚ 16 ਵਾਰਡਾਂ ਲਈ 17 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪਾਈਆਂ ਜਾਣਗੀਆਂ। ਪ੍ਰਧਾਨ ਦੇ ਅਹੁਦੇ ਲਈ ਦਸ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਮਹੇਸ਼ ਝੋਰੜ (ਕਾਂਗਰਸ ਸਮਰਥਿਤ), ਅਜੀਵ ਗਰਗ (ਇਨੈਲੋ ਸਮਰਥਿਤ), ਸੁਨੀਲ ਗਰਗ ਟਿਸ਼ੂ (ਭਾਜਪਾ), ਰਾਣੀ ਦੇਵੀ (ਆਪ), ਚਰਨ ਦਾਸ ਚੰਨੀ (ਆਜ਼ਾਦ), ਸੁਭਾਸ਼ ਗੋਇਲ (ਆਜ਼ਾਦ), ਫੂਲ ਸਿੰਘ ਲੁਹਾਨੀ (ਆਜ਼ਾਦ), ਸੁਨੀਲ ਅਹਿਲਾਵਤ (ਆਜ਼ਾਦ), ਚਰਨਜੀਤ ਸਿੰਘ ਸੋਢੀ (ਆਜ਼ਾਦ) ਤੇ ਮੁਕੇਸ਼ ਰਾਜੋਰੀਆ (ਆਜ਼ਾਦ) ਸ਼ਾਮਲ ਹਨ। ਇਸੇ ਤਰ੍ਹਾਂ ਕੁੱਲ 16 ਵਾਰਡਾਂ ਵਿੱਚੋਂ, ਵਾਰਡ 12 ਤੋਂ ਅਮਨਦੀਪ ਕੌਰ ਅਤੇ ਵਾਰਡ 15 ਤੋਂ ਹਰਵਿੰਦਰ ਸਿੰਘ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਤੋਂ ਬਾਅਦ 14 ਵਾਰਡਾਂ ਵਿੱਚ ਕੌਂਸਲਰ ਚੋਣਾਂ ਹੋਣਗੀਆਂ।
ਪੋਲਿੰਗ ਪਾਰਟੀਆਂ ਚੋਣ ਸਮੱਗਰੀ ਨਾਲ ਰਵਾਨਾ
ਸਿਰਸਾ (ਪ੍ਰਭੂ ਦਿਆਲ): ਨਗਰਪਾਲਿਕਾ ਕਾਲਾਂਵਾਲੀ ਦੀ ਚੋਣ ਲਈ ਸੀਡੀਐੱਲਯੂ ਦੇ ਅੰਬੇਡਕਰ ਭਵਨ ਤੋਂ ਈਵੀਐੱਮਜ਼ ਅਤੇ ਹੋਰ ਚੋਣ ਸਮੱਗਰੀ ਨਾਲ ਚੋਣ ਅਮਲੇ ਨੂੰ ਰਵਾਨਾ ਕੀਤਾ ਗਿਆ। ਇਸ ਦੌਰਾਨ ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਮੋਹਿਤ ਕੁਮਾਰ ਨੇ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਲਾਂਵਾਲੀ ਨਗਰਪਾਲਿਕਾ ਦੇ 16 ਵਾਰਡਾਂ ਲਈ 17 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਪ੍ਰਕਿਰਿਆ ਲਈ 17 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ ਅਤੇ ਤਿੰਨ ਪੋਲਿੰਗ ਪਾਰਟੀਆਂ ਨੂੰ ਰਿਜ਼ਰਵ ਰੱਖਿਆ ਗਿਆ ਹੈ ਜਦਕਿ 80 ਕਰਮਚਾਰੀ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਏਡੀਸੀ ਵੀਰੇਂਦਰ ਸਹਿਰਾਵਤ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਪੁਲੀਸ ਵੱਲੋਂ ਫਲੈਗ ਮਾਰਚ
ਕਾਲਾਂਵਾਲੀ (ਪੱਤਰ ਪ੍ਰੇਰਕ): ਕਾਲਾਂਵਾਲੀ ਨਗਰਪਾਲਿਕਾ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਨਿਰਪੱਖ, ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਕਾਲਾਂਵਾਲੀ ਦੇ ਡੀ.ਐੱਸ.ਪੀ. ਸੰਦੀਪ ਧਨਖੜ ਨੇ ਥਾਣਾ ਇੰਚਾਰਜ ਅਤੇ ਹੋਰ ਕਰਮਚਾਰੀਆਂ ਨਾਲ ਮੰਡੀ ਕਾਲਾਂਵਾਲੀ ਵਿੱਚ ਫਲੈਗ ਮਾਰਚ ਕੱਢਿਆ। ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਸਟਾਫ਼ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਬੂਥਾਂ ’ਤੇ ਸ਼ਾਂਤੀ ਬਣਾਈ ਰੱਖਣ, ਆਮ ਜਨਤਾ ਨਾਲ ਨਿਮਰਤਾ ਨਾਲ ਗੱਲ ਕਰਨ ਅਤੇ ਹਫੜਾ-ਦਫੜੀ ਮਚਾਉਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ। ਇਸ ਤੋਂ ਬਾਅਦ ਡੀ.ਐੱਸ.ਪੀ. ਸੰਦੀਪ ਧਨਖੜ ਨੇ ਕਾਲਾਂਵਾਲੀ ਨਗਰਪਾਲਿਕਾ ਚੋਣਾਂ ਦੇ ਉਮੀਦਵਾਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪੁਲੀਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।