ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੋਟਾਂ ਦੀ ਮੁੜ ਗਿਣਤੀ: ਪਿੰਡ ਅਰਨੀਵਾਲਾ ਵਜ਼ੀਰਾ ਦਾ ਸਰਪੰਚ ‘ਹਾਰਿਆ’

ਚਾਰ ਘੰਟਿਆਂ ਵਿੱਚ ਮੁਕੰਮਲ ਕੀਤੀ ਵੋਟਾਂ ਦੀ ਗਿਣਤੀ; ਪਿੰਡ ਧੌਲਾ ਦਾ ਪੁਰਾਣਾ ਨਤੀਜਾ ਬਰਕਰਾਰ
ਅਰਨੀਵਾਲਾ ਵਜ਼ੀਰਾ ਦੀ ਮੁੜ ਗਿਣਤੀ ਮੌਕੇ ਲੰਬੀ ਸਬ-ਤਹਿਸੀਲ ਅੱਗੇ ਤਾਇਨਾਤ ਪੁਲੀਸ।
Advertisement

ਇਕਬਾਲ ਸਿੰਘ ਸ਼ਾਂਤ

ਲੰਬੀ, 16 ਜੂਨ

Advertisement

ਇੱਥੇ ਅੱਜ ਦੋ ਪਿੰਡਾਂ ’ਚ ਵੋਟਾਂ ਦੀ ਮੁੜ ਗਿਣਤੀ ਮੌਕੇ ਪਿੰਡ ਅਰਨੀਵਾਲਾ ਵਜ਼ੀਰਾ ਦਾ ‘ਸਰਪੰਚ’ ਰਛਪਾਲ ਸਿੰਘ 8 ਵੋਟਾਂ ਦੇ ਫ਼ਰਕ ਨਾਲ ਪਹਿਲਾਂ ਜਿੱਤੀ ਹੋਈ ਚੋਣ ਹਾਰ ਗਿਆ। ਨਵੇਂ ਚੋਣ ਨਤੀਜੇ ਮੁਤਾਬਕ ਪਟੀਸ਼ਨਰ ਮਨਜੀਤ ਸਿੰਘ ਪਿੰਡ ਦਾ ਨਵਾਂ ਸਰਪੰਚ ਐਲਾਨਿਆ ਗਿਆ ਹੈ। ਪੰਚਾਇਤ ਚੋਣਾਂ ਮੌਕੇ ਰਛਪਾਲ ਸਿੰਘ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਸੀ ਜਦਕਿ ਉਦੋਂ 27 ਵੋਟਾਂ ਰੱਦ ਹੋਈਆਂ ਸਨ। ਸਬ- ਤਹਿਸੀਲ ਲੰਬੀ ਵਿੱਚ ਵੱਖ-ਵੱਖ ਪਟੀਸ਼ਨਾਂ ਦੇ ਆਧਾਰ ’ਤੇ ਪਿੰਡ ਅਰਨੀਵਾਲਾ ਵਜ਼ੀਰਾ ਅਤੇ ਧੌਲਾ ਦੀ ਮੁੜ ਗਿਣਤੀ ਅੱਜ ਰੱਖੀ ਗਈ ਸੀ। ਅਰਨੀਵਾਲਾ ਦੀ ਮੁੜ ਗਿਣਤੀ ਕਰੀਬ ਚਾਰ ਘੰਟਿਆਂ ’ਚ ਮੁਕੰਮਲ ਹੋਈ। ਨਤੀਜਾ ਕਰੀਬ ਰਾਤ 8 ਵਜੇ ਨਸ਼ਰ ਹੋਇਆ। ਇਸ ਗਿਣਤੀ ਮੌਕੇ ਚੋਣ ਟ੍ਰਿਬਿਊਨਲ-ਕਮ-ਐੱਸਡੀਐੱਮ ਜਸਪਾਲ ਸਿੰਘ ਬਰਾੜ ਵੀ ਮੌਜੂਦ ਸਨ।

ਪਿੰਡ ਧੌਲਾ ਦੀ ਦੀਆਂ ਸਰਪੰਚ ਵੋਟਾਂ ਦੀ ਮੁੜ ਗਿਣਤੀ ਮੌਕੇ 72 ਵੋਟ ਅੰਤਰ ਵਾਲੀ ਪੁਰਾਣੀ ਜਿੱਤ-ਹਾਰ ਕਾਇਮ ਰਹੀ। ਇੱਥੇ ਸਰਪੰਚ ਬਣੀ ਰਾਜਿੰਦਰ ਕੌਰ (552 ਵੋਟਾਂ) ਨੇ ਛਿੰਦਰਪਾਲ ਕੌਰ (480) ਨੂੰ ਹਰਾਇਆ ਸੀ। ਪਟੀਸ਼ਨਕਰਤਾ ਛਿੰਦਰਪਾਲ ਕੌਰ ਤੇ ਉਸਦੇ ਪਤੀ ਸੁਖਬੀਰ ਧਾਲੀਵਾਲ ਨੇ ਗਿਣਤੀ ਮਗਰੋਂ ਕਿਹਾ ਕਿ ਨਿਯਮਾਂ ਦੇ ਉਲਟ ਮੁੜ ਗਿਣਤੀ ਐੱਸਡੀਐੱਮ ਦੀ ਗੈਰ-ਮੌਜੂਦਗੀ ਵਿੱਚ ਹੋਈ। ਉਨ੍ਹਾਂ ਭਰੋਸਾ ਨਾ ਹੋਣ ’ਤੇ ਦੁਬਾਰਾ ਗਿਣਤੀ ਮੰਗੀ, ਜਿਸਨੂੰ ਰੀਡਰ ਅਜੀਤਪਾਲ ਸਿੰਘ ਵਗੈਰਾ ਨੇ ਠੁਕਰਾ ਦਿੱਤਾ। ਉਹ ਦੋਵੇਂ ਬਿਨਾਂ ਦਸਤਖ਼ਤ ਕੀਤੇ ਬਾਹਰ ਆ ਗਏ, ਹੁਣ ਹਾਈ ਕੋਰਟ ਦਾ ਰੁਖ਼ ਕਰਨਗੇ।

ਲੰਬੀ ਸਬ-ਤਹਿਸੀਲ ’ਚ ਦੋਵੇਂ ਪਿੰਡਾਂ ਦੀ ਗਿਣਤੀ ਮੌਕੇ ਸੁਰੱਖਿਆ ਦੇ ਦੋਹਰੇ ਮਾਪਦੰਡ ਵੇਖਣ ਨੂੰ ਮਿਲੇ। ਧੌਲਾ ਦੀ ਮੁੜ ਗਿਣਤੀ ਮੌਕੇ ਸਿਰਫ਼ ਫਰਦ ਕੇਂਦਰ ਨੂੰ ਸੁਰੱਖਿਆ ਘੇਰੇ ’ਚ ਲਿਆ ਗਿਆ। ਦੂਜੇ ਪਾਸੇ ਅਰਨੀਵਾਲਾ ਵਜੀਰਾ ਦੀ ਮੁੜ ਗਿਣਤੀ ਵੀਆਈਪੀ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਸਾਰੇ ਲੋਕਾਂ ਨੂੰ ਸਬ ਤਹਿਸੀਲ ਕੰਪਲੈਕਸ ਤੋਂ ਬਾਹਰ ਭੇਜ ਕੇ ਮੁੱਖ ਗੇਟ ਬੰਦ ਕਰਕੇ ਪੁਲੀਸ ਲਾ ਦਿੱਤੀ ਗਈ। ਅੱਜ ਸਵੇਰ ਸਮੇਂ ਤਹਿਸੀਲ ਦਫ਼ਤਰ ਵਿੱਚ ਇੱਕ ਪੀ.ਏ. ਦੀ ਉਚੇਚੀ ਆਮਦ ਵਿੱਚ ਖਾਸੀ ਚਰਚਾ ਵਿੱਚ ਰਹੀ ਸੀ।

ਹਾਈ ਕੋਰਟ ਦਾ ਰੁਖ਼ ਕਰਾਂਗਾ: ਰਛਪਾਲ ਸਿੰਘ

ਮੁੜ ਗਿਣਤੀ ਵਿੱਚ ਸਰਪੰਚੀ ਹਾਰਨ ਵਾਲੇ ਰਛਪਾਲ ਸਿੰਘ ਨੇ ਪ੍ਰਸ਼ਾਸਨ ਉੱਪਰ ਸੱਤਾ ਪੱਖ ਦੇ ਦਬਾਅ ਹੇਠਾਂ ਉਸਨੂੰ ਹਰਾਉਣ ਦਾ ਦੋਸ਼ ਲਾਏ ਅਤੇ ਜਬਰੀ ਤੌਰ ’ਤੇ 27 ਰੱਦ ਵੋਟਾਂ ਵਿੱਚੋਂ 10 ਵੋਟਾਂ ਮਨਜੀਤ ਸਿੰਘ ਦੇ ਹੱਕ ਵਿੱਚ ਦਿਖਾਉਣ ਦਾ ਦਾਅਵਾ ਕੀਤਾ। ਉਸ ਨੇ ਕੁੱਲ 943 ਵੋਟਾਂ ਦੀ ਗਿਣਤੀ ’ਚ ਪਹਿਲਾਂ ਵਾਂਗ ਉਸ (ਰਛਪਾਲ) ਦੀਆਂ ਦੋ ਵੋਟਾਂ ਵੱਧ ਸਨ। ਉਹ ਹਾਈ ਕੋਰਟ ਦਾ ਰੁਖ਼ ਕਰੇਗਾ। ਉਸਦੇ ਸਾਥੀ ਕਾਂਗਰਸ ਆਗੂ ਹਰਮੀਤ ਸੰਧੂ ਨੇ ਦੋਸ਼ ਲਾਇਆ ਕਿ ਸੱਤਾ ਪੱਖ ਨੇ ਸਬ ਤਹਿਸੀਲ ਦਾ ਬੂਹਾ ਬੰਦ ਕਰ ਕੇ ਇਹ ਚੋਣ ਜਬਰੀ ਜਿੱਤੀ ਹੈ ਤੇ ਰਛਪਾਲ ਸਿੰਘ ਨੂੰ ਗਲਤ ਢੰਗ ਨਾਲ ਹਰਾਇਆ ਗਿਆ ਹੈ।

ਪਟੀਸ਼ਨਰ ਮਨਜੀਤ ਸਿੰਘ ਜੇਤੂ ਰਿਹਾ: ਐੱਸਡੀਐੱਮ

ਐੱਸਡੀਐੱਮ ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਮੁੜ ਗਿਣਤੀ ’ਚ ਅੱਠ ਵੋਟਾਂ ਦੇ ਫ਼ਰਕ ਨਾਲ ਪਟੀਸ਼ਨਰ ਮਨਜੀਤ ਸਿੰਘ ਜੇਤੂ ਰਿਹਾ। ਪਿੰਡ ਧੌਲਾ ਦੀ ਗਿਣਤੀ ਵਿੱਚ ਪੁਰਾਣਾ ਨਤੀਜਾ ਬਰਕਰਾਰ ਰਿਹਾ। ਸਾਰੀ ਪ੍ਰਕਿਰਿਆ ਵੀਡੀਓਗ੍ਰਾਫ਼ੀ ਹੇਠ ਹੋਈ।

ਕਿੱਲਿਆਂਵਾਲੀ: ਹਾਈ ਕੋਰਟ ਵੱਲੋਂ ਮੁੜ ਗਿਣਤੀ ਮਾਮਲੇ ’ਚ ਨੋਟਿਸ ਆਫ਼ ਮੋਸ਼ਨ ਜਾਰੀ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿੰਡ ਕਿੱਲਿਆਂਵਾਲੀ ’ਚ ਸਰਪੰਚ ਚੋਣ ਦੀ ਮੁੜ ਗਿਣਤੀ ਮਾਮਲੇ ’ਚ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ ਜਿਸਦੀ ਪੇਸ਼ੀ 18 ਜੂਨ ਨੂੰ ਹੋਣੀ ਹੈ। ਜੇਤੂ ਰਹੀ ਸਰਪੰਚ ਕਵਿਤਾ ਨੇ ਮੁੜ ਗਿਣਤੀ ਮੌਕੇ 24 ਵੋਟਾਂ ਗਾਇਬ ਪਾਏ ਜਾਣ ਮਗਰੋਂ ਹਾਈਕੋਰਟ ਦਾ ਰੁਖ਼ ਕੀਤਾ ਸੀ। ਉਸਦੀ ਰਿੱਟ ਪਟੀਸ਼ਨ ’ਤੇ ਅੱਜ ਹਾਈ ਕੋਰਟ ਵਿੱਚ ਪੇਸ਼ੀ ਸੀ। ਦੱਸ ਦੇਈਏ ਕਿ ਬੀਤੀ 5 ਜੂਨ ਨੂੰ ਹਾਰੀ ਉਮੀਦਵਾਰ ਮਨਪ੍ਰੀਤ ਕੌਰ ਦੀ ਪਟੀਸ਼ਨ ’ਤੇ ਚੋਣ ਟ੍ਰਿਬਿਊਨਲ ਮਲੋਟ ਨੇ ਮੁੜ ਗਿਣਤੀ ਕਰਵਾਈ ਸੀ। ਉਸ ਸਮੇਂ ਚਾਰ ਬੂਥਾਂ ਦੇ ਬੈਲਟਾਂ ਪੇਪਰਾਂ ਵਾਲੇ ਸੰਦੂਕ ਵਿੱਚੋਂ 32 ਰੱਦ ਵੋਟਾਂ ਵਿੱਚੋਂ ਸਿਰਫ਼ ਅੱਠ ਰੱਦ ਹੀ ਮੌਜੂਦ ਮਿਲੀਆਂ। ਤੁਰੰਤ ਗਿਣਤੀ ਪ੍ਰਕਿਰਿਆ ਰੱਦ ਕਰਕੇ ਪੋਲਿੰਗ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇੱਥੇ ਸਰਪੰਚ ਚੋਣ ’ਚ ਕਰੀਬ 32 ਵੋਟਾਂ ਲਈ ਰੱਦ ਹੋ ਗਈਆਂ ਸਨ। ਜਿੱਤ-ਹਾਰ ਸਿਰਫ਼ 6 ਵੋਟ ਅੰਤਰ ਰਿਹਾ ਸੀ। ਚੋਣ ਵਿੱਚ 9 ਸਰਪੰਚ ਉਮੀਦਵਾਰ ਸਨ।

Advertisement