ਸੜਕ ਬਣਨ ਦੀ ਖੁਸ਼ੀ ਵਿਚ ਪਿੰਡ ਵਾਸੀਆਂ ਨੇ ਲੱਡੂ ਵੰਡੇ
ਪਿੰਡ ਬੱਲ੍ਹੋ ਵਿੱਚ ਅਨਾਜ ਮੰਡੀ ਨੂੰ ਆਉਣ ਵਾਲੇ ਰਸਤੇ ’ਤੇ ਸੜਕ ਬਣਨ ਦੀ ਖ਼ੁਸ਼ੀ ਵਿੱਚ ਪਿੰਡ ਵਾਸੀਆਂ ਨੇ ਲੱਡੂ ਵੰਡੇ। ਸਰਪੰਚ ਅਮਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰਸਤੇ ਦੀ ਹਾਲਤ ਕਾਫ਼ੀ ਖਸਤਾ ਸੀ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਜਿਨਸ ਮੰਡੀ ਵਿੱਚ ਲਿਆਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਇਹ ਮਸਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਪੰਚਾਇਤ ਦੀ ਮੰਗ ਨੂੰ ਸਵੀਕਾਰ ਕਰਦਿਆਂ ਸੜਕ ਬਣਾਉਣ ਦਾ ਵਾਅਦਾ ਕੀਤਾ।
ਪੰਚ ਰਾਮ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਦੇ ਬਣਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਰਤ ਪਾਈ ਗਈ। ਇਹ ਸੜਕ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਬਣਾਈ ਗਈ ਹੈ ਜਿਸ ਤੇ ਤਕਰੀਬਨ 26 ਲੱਖ ਰੁਪਏ ਖ਼ਰਚ ਆਏ ਹਨ।
ਗ੍ਰਾਮ ਪੰਚਾਇਤ ਨੇ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਹਰਬੰਸ ਸਿੰਘ , ਜਗਸੀਰ ਸਿੰਘ, ਹਾਕਮ ਸਿੰਘ , ਹਰਵਿੰਦਰ ਕੌਰ, ਕੇਵਲ ਸਿੰਘ ਅਤੇ ਨੰਬਰਦਾਰ ਅਵਤਾਰ ਸਿੰਘ ਟੌਫੀ ਜੀ ਹਾਜ਼ਰ ਸਨ।