ਸਿੰਘੇਵਾਲਾ ਵਿੱਚ ਸ਼ੈੱਲਰ ’ਤੇ ਵਿਜੀਲੈਂਸ ਦਾ ਛਾਪਾ
ਪੰਜਾਬ ਵਿੱਚ ਝੋਨਾ ਖ਼ਰੀਦ ਵਿੱਚ ਕਥਿਤ ਬੇਨਿਯਮੀਆਂ ਦੇ ਖ਼ਦਸ਼ੇ ਕਾਰਨ ਵਿਜੀਲੈਂਸ ਬਿਊਰੋ ਨੇ ਪੜਤਾਲ ਲਈ ਵਿੱਢ ਦਿੱਤੀ ਹੈ। ਅੱਜ ਵਿਜੀਲੈਂਸ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਿੰਡ ਸਿੰਘੇਵਾਲਾ ਸਥਿਤ ਪੀ ਐੱਮ ਰਾਈਸ ਮਿੱਲ ’ਤੇ ਛਾਪਾ ਮਾਰਿਆ। ਡੀ ਐੱਸ ਪੀ ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਟੀਮ ਨੇ ਸਟਾਕ ਦੀ ਬੇਤਰਤੀਬ, ਤੁਲਾਈ, ਮਿਆਰ, ਸਫ਼ਾਈ ਤੇ ਗੁਣਵੱਤਾ ਬਾਰੇ ਘੰਟਿਆਂਬਧੀ ਪੜਤਾਲ ਕੀਤੀ। ਵਿਜੀਲੈਂਸ ਟੀਮ ਵਿੱਚ ਇੰਸਪੈਕਟਰ ਰੁਪਿੰਦਰ ਕੌਰ, ਸਬ ਇੰਸਪੈਕਟਰ ਇਕਬਾਲ ਸਿੰਘ ਤੇ ਹੈੱਡ ਕਾਂਸਟੇਬਲ ਗੁਰਤੇਜ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦਾਣਾ ਮੰਡੀ ਕਿੱਲਿਆਂਵਾਲੀ ਖੇਤਰ ਸਿੱਧੀ ਗੈਰ-ਕਾਨੂੰਨੀ ਖਰੀਦ ਲਈ ਬਦਨਾਮ ਹੈ। ਜਾਣਕਾਰੀ ਮੁਤਾਬਕ ਇਸ ਛਾਪੇ ਦੌਰਾਨ ਸ਼ੈੱਲਰ ਦੇ ਰਿਕਾਰਡ, ਝੋਨਾ ਆਮਦ ਸਬੰਧੀ ਦਸਤਾਵੇਜ਼ ਅਤੇ ਗੇਟ-ਪਾਸਾਂ ਦੀ ਲੰਬੀ ਛਾਣ-ਬੀਣ ਕੀਤੀ ਗਈ। ਇਸ ਕਾਰਵਾਈ ਕਰਕੇ ਹੋਰਨਾਂ ਸ਼ੈੱਲਰ ਮਾਲਕਾਂ, ਆੜ੍ਹਤੀਆਂ ਤੇ ਖਰੀਦ ਏਜੰਸੀਆਂ ਨੂੰ ਭਾਜੜ ਪਾ ਦਿੱਤੀ ਹੈ। ਇਸ ਕਾਰਵਾਈ ਨੂੰ ਇੱਕ ਵਾਇਰਲ ਵੀਡੀਓ ਦਾ ਸਿੱਟਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਬਿਨਾਂ ਤੁਲਾਈ ਗੱਟਿਆਂ ਵਿੱਚ ਝੋਨਾ ਭਰਾਈ ਦੇ ਗੰਭੀਰ ਦੋਸ਼ ਲੱਗੇ ਸਨ।
ਪੜਤਾਲ ਦਾ ਅਸਲ ਮੁੱਦਾ ਬਾਹਰੀ ਸੂਬਿਆਂ ਤੋਂ ਕਥਿਤ ਗੈਰਕਾਨੂੰਨੀ ਝੋਨਾ ਵੀ ਦੱਸਿਆ ਜਾਂਦਾ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਪੜਤਾਲ ਲਈ ਹੁਣ ਸਬੰਧਤ ਆੜ੍ਹਤੀਆਂ, ਹੋਰਨਾਂ ਸ਼ੈੱਲਰਾਂ ਤੇ ਕਿਸਾਨਾਂ ਦੀ ਫ਼ਸਲ ਦੇ ਰਿਕਾਰਡ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 11 ਨਵੰਬਰ ਤੱਕ ਖ਼ਰੀਦ ਬੰਦ ਹੋਣ ਸਮੇਂ ਤਕ ਪਿਛਲੇ ਵਰ੍ਹੇ ਨਾਲੋਂ 50 ਹਜ਼ਾਰ ਗੱਟੇ ਵੱਧ ਆਮਦ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਸ਼ੈਲਰਾਂ ਦਾ ਕੋਟਾ ਪਹਿਲਾਂ ਹੀ ਪੂਰਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦਾਣਾ ਮੰਡੀ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਅਣਵਿਕੇ ਗੱਟੇ ਪਏ ਹਨ। ਡੀ ਐੱਸ ਪੀ ਅਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਪੀ ਐੱਮ ਰਾਈਸ ਸ਼ੈਲਰ ਵਿੱਚ ਸਟਾਕ ਦੇ ਵਜ਼ਨ, ਬਾਹਰੀ ਝੋਨੇ ਦੀ ਪੜਤਾਲ ਲਈ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਸ਼ੈੱਲਰ ਮਾਲਕ ਨੂੰ ਸੋਮਵਾਰ ਨੂੰ ਦਸਤਾਵੇਜ਼ਾਂ ਸਮੇਤ ਮੁਕਤਸਰ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਸ਼ੈਲਰ ਮਾਲਕ ਹਰੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਨਿਯਮਾਂ ਅਨੁਸਾਰ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।
