ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Video: ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ’ਚ ਅਕਾਲੀ ਦਲ ਨੂੰ ਰੋਕਣ ਲਈ ਸਾਜ਼ਿਸ਼ ਰਚੀ: ਡਾ. ਚੀਮਾ

ਗੁਰਦੁਆਰਾ ਚੋਣਾਂ ਲਈ ਸਿਆਸੀ ਪਾਰਟੀਆਂ ਦੇ ਸਮੂਹ ਬਣਾਉਣ ਤੋਂ ਰੋਕਣ ਲਈ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ
Advertisement

ਗੁਰਸੇਵਕ ਸਿੰਘ ਪ੍ਰੀਤ

ਮੁਕਤਸਰ, 12 ਦਸੰਬਰ

Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਹਰਿਆਣਾ ਵਿਚ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਣ ਲਈ ਸਾਜ਼ਿਸ਼ ਰਚਣ ਦੇ ਦੋਸ਼ ਲਾਏ। ਉਨ੍ਹਾਂ ਇਸ ਸਾਜ਼ਿਸ਼ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਇਸ ਅਨਿਆਂ ਖਿਲਾਫ ਕਾਨੂੰਨੀ ਲੜਾਈ ਲੜੇਗੀ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕਪ੍ਰਤੀਨਿਧ ਐਕਟ ਦੀ ਧਾਰਾ 29 ਏ ਤਹਿਤ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਪਾਰਟੀਆਂ ਲਈ ਇਹ ਚੋਣਾਂ ਲੜਨ ’ਤੇ ਪਾਬੰਦੀ ਲਗਾ ਦਿੱਤੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਅਜਿਹੀ ਪਾਰਟੀ ਚੋਣ ਲੜਨ ਵਾਸਤੇ ਸਮੂਹ ਨਹੀਂ ਬਣਾ ਸਕਦੀ ਤੇ ਨਾ ਹੀ ਚੋਣ ਨਿਸ਼ਾਨ ਵਾਸਤੇ ਅਪਲਾਈ ਕਰ ਸਕਦੀ ਹੈ।

ਇਸ ਨੋਟੀਫਿਕੇਸ਼ਨ ਨੂੰ ਗੈਰਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਅਜਿਹਾ ਹੀ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕੀਤਾ ਸੀ ਪਰ ਪਾਰਟੀ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ ਤੇ ਅਦਾਲਤ ਨੇ ਕਿਹਾ ਕਿ ਇਹ ਇਕ ਧਰਮ ਨਿਰਪੱਖ ਅਧਿਕਾਰ ਹੈ ਜਿਸ ਨੂੰ ਖੋਹਿਆ ਨਹੀਂ ਜਾ ਸਕਦਾ।

 

ਡਾ. ਚੀਮਾ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਅਦਾਲਤਾਂ ਕੋਲ ਪਹੁੰਚ ਕਰਨਗੇ ਕਿਉਂਕਿ ਇਹ ਲੋਕਤੰਤਰੀ ਹੱਕ ’ਤੇ ਹਮਲਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਹਰਿਆਣਾ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਵਾਸਤੇ ਐਕਟ ਲਿਆਂਦਾ ਅਤੇ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਇਸ ਵੱਲੋਂ ਬਣਾਈ ਕਮੇਟੀ ਹਵਾਲੇ ਕਰ ਦਿੱਤਾ। ਇਹ ਐਕਟ ਵੀ ਉਦੋਂ ਲਿਆਂਦਾ ਗਿਆ ਜਦੋਂ ਗੁਰਦੁਆਰਾ ਐਕਟ 1925 ਹਾਲੇ ਵੀ ਲਾਗੂ ਹੈ। ਅਜਿਹੇ ਗੈਰ ਕਾਨੂੰਨੀ ਕਦਮ ਚੁੱਕਣ ਦੇ ਬਾਵਜੂਦ ਹਾਲੇ ਵੀ ਹਰਿਆਣਾ ਸਰਕਾਰ ਨੂੰ ਅਕਾਲੀ ਦਲ ਦਾ ਡਰ ਹੈ ਅਤੇ ਉਹ ਅਕਾਲੀ ਦਲ ਨੂੰ ਚੋਣਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੀ ਹੈ।

Advertisement
Show comments