ਸੰਘਰਸ਼ ਦੀ ਜਿੱਤ: ਚੀਮਾ ਦੇ ਬੱਸ ਅੱਡੇ ’ਤੇ ਕੱਟ ਦਰੁਸਤ ਕਰਨ ਦਾ ਕੰਮ ਸ਼ੁਰੂ
ਪਿੰਡ ਚੀਮਾ ਵਾਸੀਆਂ ਵੱਲੋਂ ਬੱਸ ਅੱਡੇ ਦੇ ਕੱਟ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਆਖ਼ਰ ਕਈ ਸਾਲਾਂ ਬਾਅਦ ਜਿੱਤ ਵੱਲ ਵਧਿਆ ਹੈ। ਪਿੰਡ ਵਾਸੀਆਂ ਦੇ ਮੰਗ ਅਨੁਸਾਰ ਇਸ ਕੱਟ ਨੂੰ ਬਣਾਉਣ ਦਾ ਕੰਮ ਪੰਚਾਇਤ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।
ਇਸ ਸਬੰਧੀ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਰਨਾਲਾ-ਮੋਗਾ ਕੌਮੀ ਮਾਰਗ ਦੇ ਨਵ ਨਿਰਮਾਣ ਤੋਂ ਬਾਅਦ ਪਿੰਡ ਚੀਮਾ ਅਤੇ ਜੋਧਪੁਰ ਲਈ ਲਾਂਘਾ ਨਹੀਂ ਦਿੱਤਾ ਗਿਆ ਜੋ ਆਰਜ਼ੀ ਕੱਟ ਦਿੱਤਾ ਗਿਆ ਸੀ, ਉਥੇ ਅਨੇਕਾਂ ਸੜਕ ਹਾਦਸੇ ਵਾਪਰਨ ਕਰਕੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਜਿਸ ਕਰ ਕੇ ਪੰਚਾਇਤ ਅਤੇ ਪਿੰਡ ਵਾਸੀ ਇਸ ਸੜਕ ਤੋਂ ਸਹੀ ਲਾਂਘੇ ਦੀ ਮੰਗ ਕਰ ਰਹੇ ਸਨ। ਪੰਚਾਇਤ ਵਲੋਂ ਇਸ ਲਈ ਲਗਾਤਾਰ ਜ਼ਿਲ੍ਹਾ ਪ੍ਰਸਾਸ਼ਨ ਦੇ ਡੀ ਸੀ, ਐੱਸ ਡੀ ਐੱਮ ਤੋਂ ਇਲਾਵਾ ਐੱਨ ਐੱਚ ਏ ਆਈ ਦੇ ਲੁਧਿਆਣਾ ਤੇ ਚੰਡੀਗੜ੍ਹ ਦਫ਼ਤਰ ਤੱਕ ਪੈਰਵਾਈ ਕਰਕੇ ਇਸ ਮਸਲਾ ਹੱਲ ਕਰਵਾਇਆ ਹੈ। ਉਨ੍ਹਾਂਦੱਸਿਆ ਕਿ ਇੱਥੇ ਹੁਣ ਦੋਵੇਂ ਪਿੰਡਾਂ ਦੀਆਂ ਸੜਕਾਂ ਦੇ ਆਹਮੋ-ਸਾਹਮਣੇ ਕਰੀਬ 60 ਫੁੱਟ ਚੌੜਾ ਕੱਟ ਸਹੀ ਤਰੀਕੇ ਦਿੱਤਾ ਜਾਵੇਗਾ, ਜਿਸ ਲਈ ਅੱਜ ਅਧਿਕਾਰੀਆਂ ਵਲੋਂ ਕੱਟ ਦੀਆਂ ਨਿਸ਼ਾਨਦੇਹੀ ਪੱਟੀਆਂ ਲਾ ਦਿੱਤੀਆਂ ਹਨ ਅਤੇ ਇੱਕ ਹਫ਼ਤੇ ਅੰਦਰ ਇਹ ਕੱਟ ਬਣਾ ਕੇ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਲਾਂਘੇ ਦੇ ਸੰਘਰਸ਼ ਲਈ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪੰਚ ਜਸਵੀਰ ਸਿੰਘ ਰਮਨਾ, ਪੰਚ ਮੱਖਣ ਸਿੰਘ, ਆਜ਼ਾਦ ਕਲੱਬ ਦੇ ਖ਼ਜ਼ਾਨਚੀ ਲਖਵਿੰਦਰ ਸਿੰਘ ਸੀਰਾ, ਡਾ. ਕਰਮਜੀਤ ਸਿੰਘ ਬੱਬੂ ਵੜੈਚ ਤੇ ਹੋਰ ਹਾਜ਼ਰ ਸਨ।