ਨਸ਼ਾ ਛੱਡਣ ਵਾਲੀ ਗੋਲੀ ਨਾ ਮਿਲਣ ਕਾਰਨ ਪੀੜਤ ਹੋਏ ਪ੍ਰੇਸ਼ਾਨ
ਸਿਹਤ ਵਿਭਾਗ ਦੇ ਕਰਮੀਅਾਂ ਦੀ ਹਡ਼ਤਾਲ ਕਾਰਨ ਅਾਈ ਸਮੱਸਿਅਾ; ਪੁਲੀਸ ਦੇ ਦਖ਼ਲ ਮਗਰੋਂ ਸੁਲਝਿਆ ਮਸਲਾ
Advertisement
ਅੱਜ ਇੱਥੇ ਸਿਵਲ ਹਸਪਤਾਲ ਵਿੱਚ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਨਸ਼ਾ ਛੱਡਣ ਵਾਲੀ ਗੋਲੀ ਨਾ ਮਿਲਣ ਕਾਰਨ ਅਚਾਨਕ ਹੰਗਾਮਾ ਹੋ ਗਿਆ। ਸੂਚਨਾ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚੋਂ 60 ਦੇ ਕਰੀਬ ਨੌਜਵਾਨ ਅੱਜ ਇਹ ਗੋਲੀ ਇੱਥੇ ਲੈਣ ਲਈ ਆਏ ਸਨ। ਪ੍ਰੰਤੂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਇਨ੍ਹਾਂ ਪੀੜਤਾਂ ਨੂੰ ਲੋੜੀਂਦੀ ਦਵਾਈ ਨਹੀਂ ਦਿਤੀ ਗਈ। ਜਦੋਂ ਪੀੜਤਾਂ ਨੂੰ ਚਾਰ ਘੰਟੇ ਤੱਕ ਵੀ ਲੋੜੀਂਦੀ ਦਵਾਈ ਨਹੀਂ ਮਿਲੀ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀਐੱਸਪੀ ਤਰਲੋਚਨ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੀੜਤਾਂ ਦੀ ਸਮੱਸਿਆ ਨੂੰ ਸਿਹਤ ਵਿਭਾਗ ਸਾਹਮਣੇ ਰੱਖਿਆ। ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਕਰ ਕੇ ਇਹ ਸਮੱਸਿਆ ਆਈ ਸੀ, ਜਿਸ ਨੂੰ ਹੁਣ ਨਜਿੱਠ ਲਿਆ ਗਿਆ ਹੈ ਅਤੇ ਪੀੜਤਾਂ ਨੂੰ ਲੋੜ ਅਨੁਸਾਰ ਦਵਾਈ ਮੁਹੱਈਆ ਕਰਵਾ ਦਿੱਤੀ ਗਈ ਹੈ। ਪੀੜਤਾਂ ਨੇ ਇਲਜ਼ਾਮ ਲਾਇਆ ਕਿ ਉਹ ਲਗਭਗ ਚਾਰ ਘੰਟੇ ਸਿਵਲ ਹਸਪਤਾਲ ਵਿੱਚ ਰੁਲਦੇ ਰਹੇ ਅਤੇ ਉਨ੍ਹਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਉਨ੍ਹਾਂ ਸਿਹਤ ਵਿਭਾਗ ਦੇ ਕਰਮਚਾਰੀਆਂ ’ਤੇ ਸਿਵਲ ਹਸਪਤਾਲ ਦਾ ਗੇਟ ਬੰਦ ਕਰਨ ਦਾ ਦੋਸ਼ ਵੀ ਲਾਇਆ। ਮੌਕੇ ’ਤੇ ਪੁਲੀਸ ਦੀ ਦਖਲਅੰਦਾਜ਼ੀ ਤੋਂ ਬਾਅਦ ਸਿਹਤ ਕਰਮਚਾਰੀਆਂ ਵੱਲੋਂ ਇਹ ਗੇਟ ਖੋਲ੍ਹਿਆ ਗਿਆ। ਪੰਜਾਬ ਸਰਕਾਰ ਨੇ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਬਾਹਰ ਕੱਢਣ ਲਈ ਇੱਕ ਗੋਲੀ ਮੁਫਤ ਮੁਹੱਈਆ ਕਰਵਾਈ ਹੈ ਜੋ ਪੀੜਤ ਨੇ ਹਰ ਰੋਜ਼ ਲੈਣੀ ਹੁੰਦੀ ਹੈ ਅਤੇ ਇੱਕ ਹਫ਼ਤੇ ਬਾਅਦ ਉਸ ਨੂੰ ਇਹ ਗੋਲੀਆਂ ਲੈਣ ਲਈ ਦੁਬਾਰਾ ਸਿਵਲ ਹਸਪਤਾਲ ਵਿੱਚ ਆਉਣਾ ਪੈਂਦਾ ਹੈ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੋਲੀ ਲੈਣ ਲਈ ਹਸਪਤਾਲ ਵਿੱਚ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ।
Advertisement
Advertisement