ਕੋਟਕਪੂਰਾ ਦੀਆਂ ਸੜਕਾਂ ’ਚ ਟੋਇਆਂ ਕਾਰਨ ਪਲਟਣ ਲੱਗੇ ਵਾਹਨ
ਬਰਸਾਤੀ ਪਾਣੀ ਦੀ ਲਗਪਗ 30 ਦਿਨਾਂ ਤੋਂ ਪੂਰੀ ਤਰ੍ਹਾਂ ਨਿਕਾਸੀ ਨਾਲ ਹੋਣ ਕਾਰਨ ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵੱਧ ਸੜਕਾਂ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ। ਇਨ੍ਹਾਂ ਟੋਇਆਂ ਵਿੱਚ ਹਰ ਰੋਜ਼ ਛੋਟੇ ਵਾਹਨ ਲਗਾਤਾਰ ਪਲਟ ਰਹੇ ਹਨ। ਇਨ੍ਹਾਂ ਟੋਇਆਂ ਕਾਰਨ ਬੀਤੀ ਸ਼ਾਮ ਫੱਕ ਦੀ ਭਰੀ ਟਰਾਲੀ ਦੇ ਪਲਟਣ ਕਰ ਕੇ ਬਠਿੰਡਾ ਵਾਲੀ ਤਿੰਨਕੋਨੀ ’ਤੇ ਕਾਫੀ ਸਮਾਂ ਟ੍ਰੈਫਿਕ ਵੀ ਜਾਮ ਰਿਹਾ। ਸ਼ਹਿਰ ਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਸ਼ਹਿਰ ਵਿੱਚ ਮੋਗਾ ਰੋਡ ਅਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਸਾਹਮਣੇ, ਗਿਆਨੀ ਜ਼ੈਲ ਸਿੰਘ ਮਾਰਕੀਟ, ਦੁਰਗਾ ਮਾਤਾ ਮੰਦਰ, ਪੁਰਾਣੇ ਕਿਲੇ ਵਾਲੀ ਗਲੀ, ਜੌੜੀਆਂ ਚੱਕੀਆਂ, ਜੈਤੋ ਚੁੰਗੀ ਵਾਲੇ ਖੇਤਰਾਂ ਵਿੱਚ ਇਸ ਵਾਰੀ ਕਈ ਦਿਨ ਪਹਿਲਾਂ ਆਈ ਬਰਸਾਤਾਂ ਦਾ ਪਾਣੀ ਹਾਲੇ ਸੁੱਕਿਆ ਨਹੀਂ ਸੀ ਕਿ ਫਿਰ ਆਈ ਬਰਸਾਤ ਨੇ ਦੁਬਾਰਾ ਪਾਣੀ ਭਰ ਦਿੱਤਾ। ਉਨ੍ਹਾਂ ਦੱਸਿਆ ਕਿ ਕਈ ਖੇਤਰਾਂ ਦੀਆਂ ਬਹੁਤੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਰਿਕਸ਼ਾ ਚਾਲਕ ਜੋਰਾ ਸਿੰਘ ਨੇ ਕਿਹਾ ਕਿ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਅਤੇ ਪਾਣੀ ਖੜ੍ਹਾ ਹੋਣ ਕਾਰਨ ਇਨ੍ਹਾਂ ਟੋਇਆਂ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਉਹ ਕਈ ਡਿੱਗ ਚੁੱਕਾ ਹੈ।
ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ: ਅਧਿਕਾਰੀ
ਨਗਰ ਕੌਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਅਮ੍ਰਿਤ ਲਾਲ ਨੇ ਦੱਸਿਆ ਕਿ ਬਰਸਾਤਾਂ ਜ਼ਿਆਦਾ ਹੋਣ ਕਾਰਨ ਬੱਸ ਸਟੈਂਡ ਦੇ ਨਜ਼ਦੀਕ ਵਾਲੇ ਮੁਹੱਲਿਆਂ, ਦੁਰਗਾ ਮਾਤਾ ਮੰਦਰ ਅਤੇ ਕਿਲਾ ਰੋਡ ਸਮੇਤ ਦੋ ਤਿੰਨ ਹੋਰ ਸੜਕਾਂ ’ਤੇ ਨਿਕਾਸੀ ਵਿੱਚ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿੱਚ ਲਗਾਤਾਰ ਚੱਕਰ ਲਗਾ ਰਹੇ ਹਨ ਅਤੇ ਜਿਥੇ ਵੀ ਨਗਰ ਕੌਂਸਲ ਦੀਆਂ ਸੜਕਾਂ ਟੁੱਟੀਆਂ ਹਨ ਉਨ੍ਹਾਂ ਦੀ ਜਲਦੀ ਮੁਰੰਮਤ ਕਰਵਾ ਦੇਣਗੇ।