ਮੋਗਾ-ਜਲੰਧਰ ਹੱਦ ’ਤੇ ਅੱਧੀ ਰਾਤ ਵਾਹਨਾਂ ਦੀ ਤਲਾਸ਼ੀ
ਇੱਥੇ ਮੋਗਾ-ਜਲੰਧਰ ਹਾਈਵੇ ਉਪਰ ਪਿੰਡ ਕਮਾਲੇਕੇ ਵਿੱਚ ਦੋਹਾਂ ਜ਼ਿਲ੍ਹਿਆਂ ਦੇ ਹੱਦ ਨਾਕੇ ਉਪਰ ਪੁਲੀਸ ਵੱਲੋਂ ਅੱਧੀ ਰਾਤ ਨੂੰ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਵਿੱਚ ਪੁਲੀਸ ਦੇ ਵੱਖ ਵੱਖ ਵਿੰਗਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਪੁਲੀਸ ਦਾ ਡੌਗ ਸਕੁਐਡ ਵੀ ਸ਼ਾਮਲ ਹੋਇਆ। ਉਪ ਪੁਲੀਸ ਕਪਤਾਨ ਸਿਟੀ ਮੋਗਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਸ ਸਾਰੀ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ। ਇਸ ਸਖ਼ਤ ਨਾਕਾਬੰਦੀ ਵਿਚ ਅਖ਼ਬਾਰ ਦੀ ਢੋਆ ਢੁਆਈ ਕਰਨ ਵਾਲੀਆਂ ਗੱਡੀਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣ ਗਿਆ। ਕਾਂਗਰਸ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਮੀਡੀਆ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਣਾਏ ਜਾ ਰਹੇ ਸ਼ੀਸ਼ ਮਹਿਲ ਦੀਆ ਖਬਰਾਂ ਬਾਹਰ ਆਉਣ ਤੋਂ ਬਾਅਦ ਬੁਖਲਾਹਟ ’ਚ ਆ ਕੇ ਚੁੱਕਿਆ ਕਦਮ ਕਰਾਰ ਦਿੱਤਾ ਹੈ। ਅਖਬਾਰਾਂ ਦੀਆਂ ਗੱਡੀਆਂ ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਇਸ ਪੂਰੇ ਖੇਤਰ ਵਿੱਚ ਅਖ਼ਬਾਰਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਤਲਾਸ਼ੀ ਦੌਰਾਨ ਪੁਲੀਸ ਨੇ ਕਿਸੇ ਨੂੰ ਵੀ ਨਾਕੇ ਦੇ ਨੇੜੇ ਨਹੀਂ ਫਟਕਣ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕਮਾਲਕੇ ਪੁਲੀਸ ਨਾਕੇ ਉਪਰ ਅੱਧੀ ਰਾਤ ਨੂੰ ਵੱਡੀ ਗਿਣਤੀ ਵਿੱਚ ਪੁਲੀਸ ਦੀ ਨਫਰੀ ਨੇ ਜਲੰਧਰ ਤੋਂ ਆਉਣ ਵਾਲੇ ਵਾਹਨਾਂ ਜਿਸ ਵਿੱਚ ਜ਼ਿਆਦਾ ਗਿਣਤੀ ਅਖ਼ਬਾਰ ਦੀ ਢੋਆ ਢੁਆਈ ਵਾਲੀਆਂ ਗੱਡੀਆਂ ਦੀ ਸੀ, ਨੂੰ ਰੋਕਿਆ ਗਿਆ। ਗੱਡੀਆਂ ਵਿੱਚੋਂ ਅਖ਼ਬਾਰਾਂ ਦੇ ਬੰਡਲ ਵੀ ਉਤਾਰੇ ਗਏ। ਜਾਣਕਾਰੀ ਮੁਤਾਬਕ ਪੁਲੀਸ ਨੇ ਕੁਝ ਅਖ਼ਬਾਰਾਂ ਦੀ ਸਪਲਾਈ ਦੀਆਂ ਗੱਡੀਆਂ ਨੂੰ ਅੱਗੇ ਭੇਜ ਦਿੱਤਾ। ਪੁਲੀਸ ਦੀ ਇਹ ਕਾਰਵਾਈ ਤੜਕਸਾਰ 7 ਵਜੇ ਤੱਕ ਜਾਰੀ ਰਹੀ। ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਪਰੋਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਲਗਪਗ 100 ਵਾਹਨਾਂ ਦੀ ਤਲਾਸ਼ੀ ਕੀਤੀ ਗਈ ਪਰ ਪੁਲੀਸ ਨੂੰ ਕੋਈ ਇਤਰਾਜ਼ਯੋਗ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਮੁੱਖ ਪੁਲੀਸ ਨਾਕਿਆਂ ਕਮਾਲਕੇ ਅਤੇ ਚੂਹੜਚੱਕ ਉਪਰ ਅੱਜ ਸਖ਼ਤ ਚੈਕਿੰਗ ਕੀਤੀ ਗਈ। ਉਂਜ ਪੁਲੀਸ ਅਧਿਕਾਰੀ ਨੇ ਇਸ ਨੂੰ ਇੱਕ ਰੂਟੀਨ ਚੈਕਿੰਗ ਦੱਸਿਆ ਹੈ।
ਅਖਬਾਰਾਂ ਦੀ ਸਪਲਾਈ ਰੋਕਣੀ ਮੰਦਭਾਗੀ: ਲੋਹਗੜ੍ਹ
ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਜਿਵੇਂ ਕਥਿਤ ਤੌਰ ’ਤੇ ਪੰਜਾਬ ਸਰਕਾਰ ਵਲੋਂ ਗੱਡੀਆਂ ਰੋਕ ਕੇ ਅਖ਼ਬਾਰਾਂ ਦੀ ਸਪਲਾਈ ਨੂੰ ਰੋਕਣ ਦਾ ਯਤਨ ਕੀਤਾ ਗਿਆ, ਉਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਖਬਾਰੀ ਖਬਰਾਂ ਨੂੰ ਲੋਕਾਂ ਤੱਕ ਨਾ ਪੁੱਜਣ ਦੇਣਾ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਕਾਂਗਰਸ ਆਗੂ ਨੇ ਕਿਹਾ, ‘‘ਇਹ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।’’ ਸਾਬਕਾ ਵਿਧਾਇਕ ਨੇ ਸੜਕ ’ਤੇ ਅਖ਼ਬਾਰਾਂ ਦੇ ਬੰਡਲਾਂ ਦੀ ਫੋਟੋ ਆਪਣੇ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀ ਕੀਤੀ ਹੈ।
