ਹੜ੍ਹ ਤੇ ਮੀਂਹ ਕਾਰਨ ਸਬਜ਼ੀਆਂ ਮਹਿੰਗੀਆਂ ਹੋਈਆਂ
ਸੂਬੇ ਵਿੱਚ ਹੜ੍ਹਾਂ ਅਤੇ ਮੀਂਹਾਂ ਕਾਰਨ ਜਿੱਥੇ ਆਮ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ, ਉਥੇ ਹੁਣ ਇਸ ਦਾ ਅਸਰ ਮਹਿੰਗਾਈ ’ਤੇ ਵੀ ਪਿਆ ਹੈ। ਮੀਂਹਾਂ ਕਾਰਨ ਸਬਜ਼ੀਆਂ ਦੀ ਫ਼ਸਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਹੁਣ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਲਗਪਗ ਸਾਰੀਆਂ ਹੀ ਆਮ ਸਬਜ਼ੀਆਂ ਦੇ ਭਾਅ 100 ਰੁਪਏ ਨੂੰ ਛੋਹ ਰਹੇ ਹਨ।
ਗੋਭੀ ਪਹਿਲਾਂ 60 ਤੋਂ 80 ਰੁਪਏ ਵਿਕ ਰਹੀ ਸੀ, ਜੋ ਹੁਣ 100 ਰੁਪਏ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਕੱਦੂ, ਗੁਆਰਾ ਫ਼ਲੀਆਂ, ਕਰੇਲਾ ਅਤੇ ਤੋਰੀਆਂ ਦੇ ਭਾਅ 100 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਲੋਕਾਂ ਦੇ ਘਰਾਂ ਦੀ ਰਸੋਈ ਦਾ ਸੁਆਦ ਖ਼ਰਾਬ ਹੋ ਗਿਆ ਹੈ। 40 ਤੋਂ 50 ਵਿਕਣ ਵਾਲੀ ਭਿੰਡੀ 80 ਰੁਪਏ ਵਿਕੀ ਜਦਕਿ ਸ਼ਿਮਲਾ ਮਿਰਚ ਦਾ ਭਾਅ ਸਭ ਤੋਂ ਵੱਧ 120 ਰੁਪਏ ਕਿਲੋ ਰਿਹਾ। ਇਸੇ ਤਰ੍ਹਾਂ ਹਰੀ ਮਿਰਚ ਨੇ ਵੀ ਅੱਜ ਸੈਂਕੜਾ ਲਗਾਇਆ ਹੈ। ਇਸਤੋਂ ਇਲਾਵਾ ਅਰਬੀ ਅਤੇ ਬੈਂਗਣ ਦਾ ਭਾਅ 60 ਰੁਪਏ ਰਿਹਾ ਜਦਕਿ ਅਦਰਕ, ਟਮਾਟਰ, ਆਲੂ, ਪਿਆਜ਼ ਅਤੇ ਖੀਰੇ ਦੇ ਭਾਅ ਵਿੱਚ ਕੋਈ ਤਬਦੀਲੀ ਨਹੀਂ ਆਈ।
ਸਬਜ਼ੀ ਵੇਚਣ ਵਾਲੇ ਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਹੀ ਸਬਜ਼ੀਆਂ ਦੇ ਭਾਅ ਵਿੱਚ ਜ਼ਿਆਦਾ ਤੇਜ਼ੀ ਆਈ ਹੈ ਅਤੇ ਭਾਅ ਵਧਣ ਕਾਰਨ ਇਸਦੀ ਖ਼ਰੀਦ ਵੀ ਘਟੀ ਹੈ। ਸੂਬੇ ਅਤੇ ਪਹਾੜੀ ਇਲਾਕਿਆਂ ਵਿੱਚ ਮੌਜੂਦਾ ਸੰਕਟ ਕਾਰਨ ਇਹ ਮਹਿੰਗਾਈ ਹੋਰ ਵੀ ਵਧਣ ਦੇ ਆਸਾਰ ਬਣੇ ਹੋਏ ਹਨ ਅਤੇ ਇਸਦਾ ਸਾਹਮਣਾ ਹਰ ਵਰਗ ਨੂੰ ਕਰਨਾ ਪਵੇਗਾ।