ਵੱਖ-ਵੱਖ ਜਥੇਬੰਦੀਆਂ ਨੇ ਥਾਣੇ ਅੱਗੇ ਧਰਨਾ ਲਾਇਆ
ਇੱਕ ਆਟੋ ਚਾਲਕ ਨਿਰਮਲ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਣਾ ਸਿਟੀ-2 ਮਾਨਸਾ ਸਾਹਮਣੇ ਧਰਨਾ ਲਾਇਆ ਗਿਆ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸ਼ਹਿਰ ਦੀ ਇੱਕ ਆਟੋ ਏਜੰਸੀ ਦੇ ਪ੍ਰਬੰਧਕਾਂ ਵੱਲੋਂ ਪੀੜਤ ਦੇ ਆਟੋ ਰਿਕਸ਼ਾ ਨੂੰ ਥਾਣਾ ਸਿਟੀ-2 ਸਾਹਮਿਓ ਧੱਕੇ ਨਾਲ ਲੈ ਗਏ ਹਨ, ਜਿਸ ਲਈ ਪੁਲੀਸ ਵੱਲੋਂ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜਥੇਬੰਦੀਆਂ ਏਜੰਸੀ ਮਾਲਕਾਂ ਖ਼ਿਲਾਫ਼ ਧਰਨੇ ਉਪਰ ਡਟੀਆਂ ਹੋਈਆਂ ਹਨ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਦੇ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਆਇਸਾ ਦੇ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਕਿਹਾ ਕਿ ਪੁਲੀਸ ਵੱਲੋਂ ਏਜੰਸੀ ਪ੍ਰਬੰਧਕਾਂ ਖ਼ਿਲਾਫ਼ ਚੋਰੀ ਦਾ ਪਰਚਾ ਦਰਜ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਆਟੋ ਚਾਲਕ ਨਿਰਮਲ ਸਿੰਘ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਇਸ ਮੌਕੇ ਹਾਕਮ ਸਿੰਘ ਖਿਆਲਾ ਕਲਾਂ, ਅੰਗਰੇਜ਼ ਸਿੰਘ ਘਰਾਗਣਾਂ,ਹਾਕਮ ਸਿੰਘ, ਚੇਤ ਸਿੰਘ, ਦਾਰਾ ਖਾਨ, ਕਰਮਜੀਤ ਸਿੰਘ,ਹੀਰਾ ਲਾਲ, ਦੀਪ ਸਿੰਘ, ਕਿਸ਼ੋਰੀ ਲਾਲ, ਸੰਗੀਤਾ ਰਾਣੀ, ਰੀਨਾ ਰਾਣੀ, ਮਮਤਾ ਰਾਣੀ ਵੀ ਮੌਜੂਦ ਸਨ। ਇਸੇ ਦੌਰਾਨ ਡੀ ਐੱਸ ਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਕਸੂਰਵਾਰ ਨਿਕਲਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
