ਨਗਰ ਕੌਂਸਲ ਕਾਲਾਂਵਾਲੀ ਦੀ ਮੀਟਿੰਗ ਵਿੱਚ ਹੰਗਾਮਾ
ਨਗਰ ਕੌਂਸਲ ਕਾਲਾਂਵਾਲੀ ਦੀ ਹਾਊਸ ਮੀਟਿੰਗ ਹੰਗਾਮੇ ਨਾਲ ਸਮਾਪਤ ਹੋਈ। ਮੀਟਿੰਗ ਵਿੱਚ ਮੁੱਖ ਮੁੱਦਾ ਸ਼ਹਿਰ ਦੀ ਸਫਾਈ ਅਤੇ ਸਟਰੀਟ ਲਾਈਟਾਂ ਦਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਦੋਵਾਂ ਮੁੱਦਿਆਂ ’ਤੇ ਕੁਝ ਕੌਂਸਲਰਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਉਨ੍ਹਾਂ ਨੇ ਮੀਟਿੰਗ ਵਿੱਚ ਹੰਗਾਮਾ ਕੀਤਾ ਅਤੇ ਮੀਟਿੰਗ ਤੋਂ ਬਾਹਰ ਜਾਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਮੀਟਿੰਗ ’ਚ ਨਗਰ ਕੌਂਸਲ ਸਕੱਤਰ ਗਿਰਧਾਰੀ ਲਾਲ, ਚੇਅਰਮੈਨ ਮਹੇਸ਼ ਗੋਇਲ ਅਤੇ 15 ਕੌਂਸਲਰ ਸ਼ਾਮਲ ਹੋਏ। ਜਦ ਕਿ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਗੈਰ-ਹਾਜ਼ਰ ਰਹੇ। ਵਾਰਡ 13 ਦੇ ਕੌਂਸਲਰ ਨਿਤਿਨ ਗਰਗ ਅਤੇ ਵਾਰਡ 5 ਦੀ ਕੌਂਸਲਰ ਕਿਰਨਦੀਪ ਕੌਰ ਨੇ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਕਈ ਲਿਖਤੀ ਮੰਗਾਂ ਪੇਸ਼ ਕੀਤੀਆਂ ਸਨ, ਜਿਨ੍ਹਾਂ ਵਿੱਚ ਵਾਰਡ ਦੀ ਸਫਾਈ, ਗਲੀਆਂ ਦੀ ਮੁਰੰਮਤ ਅਤੇ ਸਟਰੀਟ ਲਾਈਟ ਸਿਸਟਮ ਨੂੰ ਬਿਹਤਰ ਬਣਾਉਣਾ ਸ਼ਾਮਲ ਸੀ, ਪਰ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਹੱਲ ਨਹੀਂ ਹੋਇਆ। ਕੌਂਸਲਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਕੰਮ ਬਾਰੇ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ। ਵਾਰਡ 12 ਦੀ ਕੌਂਸਲਰ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਜੰਗੀਰ ਕਲੋਨੀ ਵਿੱਚ ਸਫਾਈ ਅਤੇ ਖਸਤਾ ਹਾਲਤ ਵਾਲੀਆਂ ਗਲੀਆਂ ਅਤੇ ਹਾਈਵੇਅ ਦੇ ਦੂਜੇ ਪਾਸੇ ਸਥਿਤ ਕਲੋਨੀ ਵਿੱਚ ਸੜਕਾਂ, ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਵਾਰਡ 7 ਦੀ ਕੌਂਸਲਰ ਜੋਤੀ ਰਾਣੀ ਸਮੇਤ ਕੁਝ ਕੌਂਸਲਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਵਾਰਡ-2 ਦੇ ਵਕੀਲ ਸਿੰਘ, ਵਾਰਡ-3 ਦੇ ਬਹਾਦਰ ਸਿੰਘ ਅਤੇ ਵਾਰਡ-13 ਦੇ ਕੌਂਸਲਰ ਨਿਤਿਨ ਗਰਗ ਨੇ ਵੀ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਨਗਰ ਕੌਂਸਲ ਦੇ ਕੰਮਕਾਜ ਤੋਂ ਨਾਰਾਜ਼ ਕੁਝ ਕੌਂਸਲਰਾਂ ਨੇ ਪ੍ਰਸਤਾਵ ਰਜਿਸਟਰ ’ਤੇ ਦਸਤਖਤ ਵੀ ਨਹੀਂ ਕੀਤੇ। ਨਗਰ ਕੌਂਸਲ ਦੇ ਚੇਅਰਮੈਨ ਮਹੇਸ਼ ਗੋਇਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ 15 ਕੌਂਸਲਰ ਸ਼ਾਮਲ ਹੋਏ। ਮੁੱਖ ਮੁੱਦਾ ਸ਼ਹਿਰ ਦੀ ਸਫਾਈ ਅਤੇ ਸਟਰੀਟ ਲਾਈਟਿੰਗ ਦਾ ਸੀ। ਸਫਾਈ ਨੂੰ ਬਿਹਤਰ ਬਣਾਉਣ ਲਈ ਖੇਤਰ ਦੇ ਆਧਾਰ ’ਤੇ ਲਗਪਗ 20 ਵਾਧੂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਜਾਵੇਗਾ। ਠੇਕੇਦਾਰ ਨੂੰ ਗਲੀਆਂ ਦੀ ਮੁਰੰਮਤ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਗਲੀਆਂ ਵਿੱਚ ਸਟਰੀਟ ਲਾਈਟਾਂ ਲਾਉਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨਵੀਆਂ ਲਾਈਟਾਂ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।