ਸੰਯੁਕਤ ਕਿਸਾਨ ਮੋਰਚੇ ਨੇ ਡੀ ਸੀ ਦਫ਼ਤਰ ਵਿੱਚ ਮੋਰਚਾ ਲਾਇਆ
ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਰਹਿੰਦੇ ਝੋਨੇ ਨੂੰ ਵਿਕਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਇਆ ਗਿਆ। ਇਸ ਪੱਕੇ ਮੋਰਚੇ ਤੋਂ ਘਬਰਾ ਕੇ ਪੁਲੀਸ ਅਤੇ ਪ੍ਰਸ਼ਾਸਨ ਨੇ ਤੁਰੰਤ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਪ੍ਰਸਤਾਵ ਭੇਜਿਆ ਪਰ ਕਿਸਾਨਾਂ ਵੱਲੋਂ ਤਿੰਨ ਵਾਰ ਉੱਚ ਅਧਿਕਾਰੀਆਂ ਦੇ ਧਰਨਿਆਂ ਵਿੱਚ ਆ ਕੇ ਦਿੱਤੇ ਭਰੋਸੇ ਸਬੰਧੀ ਵਿਸ਼ਵਾਸ਼ਘਾਤ ਹੋਣ ਦਾ ਮਾਮਲਾ ਸਾਹਮਣੇ ਰੱਖਿਆ ਤਾਂ ਅਧਿਕਾਰੀਆਂ ਨੇ ਤੁਰੰਤ ਮਸਲੇ ਦਾ ਹੱਲ ਨਿਬੇੜਨ ਲਈ ਵਾਸਤਾ ਪਾਇਆ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਪਿੰਡ ਮਾਨਬੀਬੜੀਆਂ ਦੇ ਖਰੀਦ ਕੇਂਦਰ ’ਚ ਪਏ ਕਈ ਦਿਨਾਂ ਤੋਂ ਝੋਨੇ ਦੀਆਂ ਟਰਾਲੀਆਂ ਭਰਕੇ ਡਿਪਟੀ ਕਮਿਸ਼ਨਰ ਦਫ਼ਤਰ ਲਿਆਉਣ ਲਈ ਜਦੋਂ ਮੰਚ ਤੋਂ ਐਲਾਨ ਕੀਤਾ ਤਾਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸੇ ਦੌਰਾਨ ਮਾਨਬੀਬੜੀਆਂ ਖਰੀਦ ਕੇਂਦਰ ਤੋਂ ਚੱਲੀਆਂ ਟਰਾਲੀਆਂ ਨੂੰ ਪਿੰਡ ਖੋਖਰ ਵਿੱਚ ਰੋਕ ਕੇ ਅਧਿਕਾਰੀਆਂ ਤੁਰੰਤ ਸ਼ੈਲਰ ਮਾਲਕਾਂ ਨੂੰ ਪੂਰੇ ਰੇਟ ’ਤੇ ਵਿਕਵਾ ਕੇ ਕਿਸਾਨਾਂ ਨੂੰ ਬਣਦੇ ਪੈਸੇ ਦਿੱਤੇ ਗਏ।
ਇਸ ਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ (ਏਕਤਾ ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਅਤੇ ਕਿਸਾਨ ਯੂਨੀਅਨ ਮਾਨਸਾ ਦੇ ਬੋਘ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਦੇ ਬਾਵਜੂਦ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਸ਼ੈੱਲਰ ਮਾਲਕ 3 ਕਿਲੋ ਝੋਨੇ ਦੀ ਕਾਟ ਮੰਗਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਵਾਰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਮੀਟਿੰਗ ਵਿੱਚ ਝੋਨੇ ਦੇ ਬਿਨਾਂ ਕਾਟ ਤੋਂ ਅਤੇ ਪੂਰੇ ਰੇਟ ’ਤੇ ਦਾਣਾ-ਦਾਣਾ ਖਰੀਦਣ ਦੇ ਭਰੋਸੇ ਦਾ ਵਿਸ਼ਵਾਸਘਾਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਦੇ ਬਾਵਜੂਦ ਇੱਕਾ-ਦੁੱਕਾ ਖਰੀਦ ਕੇਂਦਰਾਂ ਵਿੱਚ ਪਿਆ ਝੋਨਾ ਜਦੋਂ ਵਿਕ ਨਹੀਂ ਰਿਹਾ ਤਾਂ ਇਸ ਤੋਂ ਵੱਡੀ ਅੰਨਦਾਤਾ ਦੀ ਹੋਰ ਕੀ ਤਰਾਸ਼ਦੀ ਹੋ ਸਕਦੀ ਹੈ। ਉਨ੍ਹਾਂ ਇਸ ਨੂੰ ਭਗਵੰਤ ਮਾਨ ਸਰਕਾਰ ਦੀ ਸਿਰੇ ਦੀ ਨਲਾਇਕੀ ਦੱਸਿਆ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ’ਚੋਂ ਅੱਜ ਕਿਸਾਨਾਂ ਦਾ ਦਾਣਾ-ਦਾਣਾ ਝੋਨਾ ਵਿਕਣ ਕਾਰਨ ਮੋਰਚੇ ਵੱਲੋਂ ਜੇਤੂ ਰੈਲੀ ਕੀਤੀ ਗਈ।
