ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਯੁਕਤ ਕਿਸਾਨ ਮੋਰਚੇ ਨੇ ਫੂਕੇ ਮੋਦੀ ਤੇ ਟਰੰਪ ਦੇ ਪੁਤਲੇ

ਭਾਰਤ ਸਰਕਾਰ ਨੂੰ ਸਮਝੌਤੇ ਤੋਂ ਪਿੱਛੇ ਹਟਣ ਦੀ ਅਪੀਲ; ਭਾਰਤੀ ਖੇਤੀ ਅਰਥਚਾਰਾ ਤੇ ਡੇਅਰੀ ਧੰਦਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ
Various farmers union burn effigy of PM MOdi and US president Donald Trump tax free prevent trade agreement in Bathinda on Wednesday. Tribune photo: Pawan Sharma
Advertisement

ਸੰਯੁਕਤ ਕਿਸਾਨ ਮੋਰਚਾ (ਭਾਰਤ) ਦੇ ਸੱਦੇ ’ਤੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਭਾਰਤ ਦੀ ਸਮੁੱਚੀ ਆਰਥਿਕਤਾ ਨੂੰ ਕਥਿਤ ਬਰਬਾਦ ਕਰਨ ਵਾਲੇ ‘ਭਾਰਤ-ਅਮਰੀਕਾ ਕਰ ਮੁਕਤ ਵਪਾਰ ਸਮਝੌਤੇ’ ਨੂੰ ਰੋਕਣ ਲਈ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ।

ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ (ਉਗਰਾਹਾਂ) ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ, ਬੀਕੇਯੂ ਡਕੌਂਦਾ (ਧਨੇਰ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਪ੍ਰਧਾਨ ਰਾਜ ਮਹਿੰਦਰ ਸਿੰਘ ਕੋਟਭਾਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਦਬਾਅ ਤਹਿਤ ਅਮਰੀਕਾ ਨਾਲ ਟੈਕਸ ਮੁਕਤ ਸੰਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਭਾਰਤ ਦੇ ਖੇਤੀ ਅਰਥਚਾਰੇ, ਡੇਅਰੀ, ਪੋਲਟਰੀ, ਛੋਟੇ ਉਦਯੋਗ ਅਤੇ ਇਸ ਦੇ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ’ਤੇ ਦਬਾਅ ਪਾ ਰਿਹਾ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀਆਂ ਖੇਤੀ ਵਸਤਾਂ ਉੱਪਰ ਟੈਕਸ ਵਧਾਇਆ ਜਾਵੇ ਅਤੇ ਅਮਰੀਕਾ ਤੋਂ ਖੇਤੀ ਜਿਣਸਾਂ, ਡੇਅਰੀ ਅਤੇ ਪੋਲਟਰੀ ਦੇ ਉਤਪਾਦਾਂ ਤੋਂ ਇਲਾਵਾ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਸਾਰਾ ਮਾਲ ਭਾਰਤ ਵੱਲੋਂ ਖਰੀਦਣ ਸਮੇਂ ਟੈਕਸ ਮੁਕਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹਾ ਕਰ ਮੁਕਤ ਵਪਾਰ ਸਮਝੌਤਾ ਲਾਗੂ ਹੋਣ ਨਾਲ ਅਮਰੀਕਾ ਖੇਤੀ ਅਤੇ ਦੂਸਰੇ ਸਹਾਇਕ ਧੰਦਿਆਂ ਦੇ ਉਤਪਾਦਾਂ ਸਮੇਤ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਮਾਲ ਭਾਰਤ ਦੀ ਮੰਡੀ ਵਿੱਚ ਲਿਆ ਕੇ ਵੇਚੇਗਾ, ਜਿਸ ਨਾਲ ਭਾਰਤ ਵਿੱਚ ਖੇਤੀ ਅਤੇ ਦੂਜੇ ਉਤਪਾਦਾਂ ਦੀਆਂ ਕੀਮਤਾਂ ਬਹੁਤ ਘਟ ਜਾਣਗੀਆਂ, ਜਿਸ ਨਾਲ ਇਹ ਧੰਦੇ ਬਰਬਾਦ ਹੋ ਜਾਣਗੇ ਅਤੇ ਉਦਯੋਗ ਵੀ ਵੱਡੀ ਪੱਧਰ ’ਤੇ ਬੰਦ ਹੋਣਗੇ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੀ ਐੱਸਡੀਐਮ ਦਫ਼ਤਰ ਜੈਤੋ ਅੱਗੇ ਧਰਨਾ ਲਾ ਕੇ ਮੋਦੀ ਅਤੇ ਟਰੰਪ ਦੇ ਪੁਤਲੇ ਫੂਕੇ ਗਏ।

Advertisement

ਇਸੇ ਦੌਰਾਨ ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਦਰਮਿਆਨ ਕੀਤੇ ਜਾ ਰਹੇ ਟੈਕਸ ਮੁਕਤ ਵਪਾਰਕ ਸਮਝੌਤੇ ਦੇ ਖਿਲਾਫ ਰੋਸ ਵਜੋਂ ਅੱਜ ਮਾਨਸਾ ਜ਼ਿਲ੍ਹਾ ਕਚਹਿਰੀਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅਮਰੀਕਾ ਦੇ ਰਾਸਟਰਪਤੀ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਰਤ ਦੀ ਸਰਕਾਰ ਅਮਰੀਕਾ ਸਰਕਾਰ ਦੇ ਥੱਲੇ ਲੱਗਕੇ ਕਰਨ ਜਾ ਰਹੀ ਸਮਝੌਤਿਆਂ ਨਾਲ ਦੇਸ਼ ਨੂੰ ਤਬਾਹੀ ਵੱਲ ਧੱਕੇਗੀ।

ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਭਾਰਤ ਦੇ ਸੱਦੇ ‘ਤੇ ਅੱਜ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤੀ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਵਪਾਰ ਸਮਝੌਤੇ ਦੀ ਆੜ ਹੇਠ ਪੂਰੇ ਭਾਰਤ ਵਿੱਚ ਦੇਸੀ ਖੇਤੀਬਾੜੀ ਤੇ ਸਹਾਇਕ ਕਿੱਤੇ ਜਿਵੇਂ ਡੇਅਰੀ ਫਾਰਮਿੰਗ, ਪੋਲਟਰੀ ਫਾਰਮਾਂ ਆਦਿ ਨੂੰ ਖਤਮ ਕਰਨਾ ਚਾਹੁੰਦੇ ਹਨ। ਜਿਸ ਨਾਲ ਖੇਤੀ ਸੈਕਟਰ ਨਾਲ ਸਬੰਧਤ ਰੁਜ਼ਗਾਰ ਤੇ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਗੁਰੂਹਰਸਹਾਏ (ਪੱਤਰ ਪ੍ਰੇਰਕ): ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੇ ਜਲਾਲਾਬਾਦ ਪੱਛਮੀ ਦੀ ਤਹਿਸੀਲ ’ਚ ਫੂਕੇ ਗਏ ਪੁਤਲੇ।

ਲੰਬੀ (ਪੱਤਰ ਪ੍ਰੇਰਕ): ਭਾਕਿਯੂ (ਏਕਤਾ) ਉਗਰਾਹਾ ਬਲਾਕ ਲੰਬੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਬ-ਤਹਿਸੀਲ ਮੂਹਰੇ ਟਰੰਪ ਅਤੇ ਮੋਦੀ ਦੇ ਪੁਤਲੇ ਸਾੜੇ ਗਏ। ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਇਹ ਸਮਝੌਤਾ ਲਾਗੂ ਹੋਣ ’ਤੇ ਦੇਸੀ ਉਤਪਾਦਾਂ ’ਤੇ ਨਾਂਹ-ਪੱਖੀ ਅਸਰ ਪਵੇਗਾ ਤੇ ਅਮਰੀਕੀ ਉਤਪਾਦ ਬਜਾਰ ‘ਚ ਕਬਜ਼ਾ ਕਰ ਲੈਣਗੇ, ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ।

ਸਾਦਿਕ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਮੁਲਕ ਵਿੱਚ ਮੋਦੀ ਅਤੇ ਟਰੰਪ ਦੀਆਂ ਅਰਥੀਆਂ ਫੂਕਣ ਦੇ ਸੱਦੇ ਤਹਿਤ ਸਾਦਿਕ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਅਤੇ ਟਰੰਪ ਦੀ ਅਰਥੀ ਫੂਕੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਿਰਸਾ ’ਚ ਮਿਨੀ ਸਕੱਤਰੇਤ ਦੇ ਬਾਹਰ ਪੂੰਜੀਪਤੀਆਂ ਖ਼ਿਲਾਫ਼ ਨਾਅਰੇਬਾਜ਼ੀ

ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਮਿਨੀ ਸਕੱਤਰੇਤ ਦੇ ਬਾਹਰ ਵਪਾਰ ਸਮਝੌਤੇ ਨੂੰ ਜ਼ਬਰਦਸਤੀ ਥੋਪਣ ਦੇ ਵਿਰੋਧ ’ਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੋਦੀ ਤੇ ਟਰੰਪ ਦੇ ਪੁਤਲੇ ਫੂਕੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਲਈ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਨਾਅਰੇਬਾਜ਼ੀ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਮੈਂਬਰ ਅਤੇ ਕੁਲ ਹਿੰਦ ਕਿਸਾਨ ਸਭਾ ਹਰਿਆਣਾ ਦੇ ਸੂਬਾਈ ਪ੍ਰਧਾਨ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਸੀਈਟੀਏ, ਐਫਟੀਏ, ਐਨਪੀਐਫਏਐਮ ਅਤੇ ਲੈਂਡ ਪੂਲਿੰਗ ਨੀਤੀ ਲਾਗੂ ਕਰਕੇ, ਭਾਰਤ ਸਰਕਾਰ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਅਤੇ ਸਮੁੱਚੀ ਮੰਡੀ ਪ੍ਰਣਾਲੀ ਅਤੇ ਖੇਤੀ ਅਤੇ ਡੇਅਰੀ ਉਤਪਾਦਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਸਾਰੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੜ ਰਿਹਾ ਹੈ।

Advertisement