ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰੀ ਮੰਤਰੀ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ

ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ; ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ
ਸਿਰਸਾ ਨੇੜੇ ਘੱਗਰ ਦਾ ਜਾਇਜ਼ਾ ਲੈਂਦੇ ਹੋਏ ਕੇਂਦਰੀ ਰਾਜ ਮੰਤਰੀ ਸਤੀਸ਼ ਚੰਦਰ ਦੂਬੇ।
Advertisement

ਕੇਂਦਰੀ ਕੋਲਾ ਤੇ ਖਣਨ ਰਾਜ ਮੰਤਰੀ ਸਤੀਸ਼ ਚੰਦਰ ਦੂਬੇ ਨੇ ਅੱਜ ਸਿਰਸਾ ਦੇ ਘੱਗਰ ਕੰਢੇ ਵਸੇ ਪਿੰਡ ਫਰਵਾਈ, ਮੀਰਪੁਰ ਅਤੇ ਅਹਿਮਦਪੁਰ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਮਗਰੋਂ ਉਨ੍ਹਾਂ ਨੇ ਓਟੂ ਵੀਅਰ ਦਾ ਦੌਰਾ ਕੀਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰਾਜ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਮੰਤਰੀ ਸਤੀਸ਼ ਚੰਦਰ ਦੂਬੇ ਨੇ ਅੱਜ ਘੱਗਰ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਡੱਬਵਾਲੀ ਹਲਕੇ ਦੀ ਪ੍ਰਧਾਨ ਰੇਣੂ ਸ਼ਰਮਾ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਿਰਸਾ ’ਚ ਘੱਗਰ ਨਦੀ ਦੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਰਾਜ ਮੰਤਰੀ ਤੋਂ ਮੰਗ ਕੀਤੀ ਕਿ ਘੱਗਰ ਨਦੀ ਦੇ ਹੜ੍ਹ ਦਾ ਪੱਕਾ ਪ੍ਰਬੰਧ ਕੀਤਾ ਜਾਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਬੰਨ੍ਹ ’ਤੇ ਪੱਕੀ ਸੜਕ ਬਣਾਈ ਜਾਏ। ਹਿਸਾਰ ਘੱਗਰ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਏ। ਹੜ੍ਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਅਵਜ਼ਾ ਦਿੱਤਾ ਜਾਏ। ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਨਾਲ ਨੁਕਸਾਨੇ ਗਏ ਝੋਨੇ ਦੀ ਫ਼ਸਲ ਦਾ ਬੀਮਾ ਕਲੇਮ ਵੀ ਤੁਰੰਤ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ।

ਮਾਨਸਾ ’ਚ ਘੱਗਰ ’ਚ ਪਾਣੀ 20 ਫੁੱਟ ਤੋਂ ਦੋ ਇੰਚ ਘਟਿਆ

Advertisement

ਮਾਨਸਾ (ਜੋਗਿੰਦਰ ਸਿੰਘ ਮਾਨ): ਘੱਗਰ ਨੇ ਹਾਲੇ ਵੀ ਲੋਕਾਂ ਨੂੰ ਡਰਾਇਆ ਹੋਇਆ ਹੈ। ਹਾਲਾਂਕਿ ਕੱਲ੍ਹ ਦੇ ਮੁਕਾਬਲੇ ਅੱਜ ਘੱਗਰ ਦਾ ਪਾਣੀ 20 ਫੁੱਟ ਤੋਂ 2 ਇੰਚ ਹੇਠਾਂ ਹੋਇਆ ਹੈ। ਪਿੰਡ ਸਰਦੂਲੇਵਾਲਾ, ਟਿੱਬੀ ਹਰੀ ਸਿੰਘ ਅਤੇ ਹੋਰਨਾਂ ਪਿੰਡਾਂ ਨੇੜੇ ਸ਼ਨਿਚਰਵਾਰ ਸ਼ਾਮ ਨੂੰ ਅਚਨਾਕ ਮੀਂਹ ਪੈਣ ਨਾਲ ਲੋਕ ਡਰ ਗਏ ਅਤੇ ਲੋਕਾਂ ਨੇ ਹੋਰ ਮੀਂਹ ਪੈਣ ਤੋਂ ਤੋਬਾ ਕੀਤੀ। ਘੱਗਰ ਦੇ ਪਾਣੀ ਵਿੱਚ ਹੁਣ ਬੇਮੁਹਾਰਾ ਉਛਾਲ ਹੋਣ ਦੀ ਉਮੀਦ ਬਹੁਤ ਘੱਟ ਹੈ। ਪਿੱਛੋਂ ਆ ਰਹੀਆਂ ਪਾਣੀ ਦੀਆਂ ਛੱਲਾਂ ਘੱਗਰ ਦੇ ਪਾਣੀ ਨੂੰ ਜ਼ਿਆਦਾ ਉਛਾਲ ਨਹੀਂ ਦੇ ਰਹੀਆਂ। ਗੂਹਲਾ ਚੀਕਾ ਵਿੱਚ ਵੀ ਪਾਣੀ 35 ਹਜ਼ਾਰ ਕਿਊਸਿਕ ਵੇਖਿਆ ਗਿਆ, ਪਰ ਇਸ ਦੇ ਬਾਵਜੂਦ ਘੱਗਰ ਦੁਆਲੇ ਠੀਕਰੀ ਪਹਿਰਾ ਲੋਕਾਂ ਨੇ ਲਾਇਆ ਹੋਇਆ ਹੈ। ਲੋਕਾਂ ਨੂੰ ਹਾਲੇ ਵੀ ਡਰ ਹੈ ਕਿ ਜੇਕਰ ਘੱਗਰ ਟੁੱਟ ਗਿਆ ਤਾਂ ਮੁੜ ਤੋਂ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਠੀਕਰੀ ਪਹਿਰੇ ’ਤੇ ਬੈਠੇ ਲੋਕ ਹਾਲੇ ਕੋਈ ਵਸਾਹ ਨਹੀਂ ਖਾ ਰਹੇ। ਮੌਸਮ ਦੇ ਬਦਲਦੇ ਮਿਜ਼ਾਜ ਦਾ ਕੋਈ ਭੇਤ ਨਹੀਂ ਆ ਰਿਹਾ, ਹਾਲਾਂਕਿ ਮੌਸਮ ਵਿਭਾਗ ਵੱਲੋਂ ਪਸ਼ੀਨਗੋਈਆਂ ਕਰਕੇ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਮੀਂਹ ਪੈਣ ਦੀ ਗੱਲ ਕਹੀ ਜਾ ਰਹੀ ਹੈ, ਪਰ ਬਿਨਾਂ ਭਵਿੱਖਬਾਣੀ ਦੇ ਮੀਂਹ ਹਾਲੇ ਵੀ ਘੱਗਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰੁੱਕ-ਰੁੱਕ ਕੇ ਪੈ ਰਿਹਾ ਹੈ। ਮੌਸਮ ਅਤੇ ਜ਼ਮੀਨ ਵਿੱਚ ਹਾਲੇ ਵੀ ਨਮੀ ਬਣੀ ਹੋਈ ਹੈ। ਮਾਹਿਰਾਂ ਅਨੁਸਾਰ ਜਦੋਂ ਹੁਣ ਮੌਨਸੂਨ ਵਾਪਸ ਮੁੜੇਗਾ ਤਾਂ ਮੌਸਮ ਖੁਸ਼ਕੀ ਫੜੇਗਾ। ਨਾ ਸਿਰਫ਼ ਮੀਂਹ ਵਾਪਸ ਮੁੜਨਗੇ, ਬਲਕਿ ਹਵਾ ਅਤੇ ਜ਼ਮੀਨ ਵਿਚੋਂ ਨਮੀਂ ਵੀ ਖ਼ਤਮ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੁੜ ਕੁਝ ਦਿਨ ਵਿੱਚ ਤੇਜ਼ ਵਰਖਾ ਹੋਣ ਦੀ ਸੰਭਾਵਨਾ ਹੈ। ਜੇਕਰ ਇਹ ਵਰਖਾ ਬੇਮੁਹਾਰੀ ਹੋਈ ਤਾਂ ਘੱਗਰ ਫਿਰ ਵੀ ਚੜ੍ਹ ਸਕਦਾ ਹੈ, ਪਰ ਅੱਜ ਘੱਗਰ ਬਿਲਕੁਲ ਸ਼ਾਂਤ ਵਗ ਰਿਹਾ ਹੈ। ਘੱਗਰ ਦੇ ਪਾਣੀ ਦਾ ਪੱਧਰ ਸ਼ਨੀਵਾਰ 20 ਫੁੱਟ ਤੋਂ 2 ਇੰਚ ਘੱਟਕੇ ਵਗਦਾ ਵੇਖਿਆ ਗਿਆ, ਜਦੋਂ ਕਿ ਖ਼ਤਰੇ ਦੇ ਕਿਸਾਨਾਂ ਤੋਂ ਅਜੇ 4 ਫੁੱਟ ਨੀਵਾਂ ਚੱਲ ਰਿਹਾ ਹੈ।

Advertisement
Show comments