ਉਗਰਾਹਾਂ ਯੂਨੀਅਨ ਵੱਲੋਂ ਡੀ ਸੀ ਦਫ਼ਤਰ ਅੱਗੇ ਧਰਨਾ
ਮਾਲਵਾ ਖੇਤਰ ਵਿੱਚ ਡੀ ਏ ਪੀ ਦੀ ਘਾਟ ਪੂਰੀ ਕਰਨ ਅਤੇ ਖਾਦਾਂ ਨਾਲ ਹੋਰ ਬੇਲੋੜਾ ਸਾਮਾਨ ਦੇਣ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਡੀ ਸੀ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਹਿਲਾਂ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਿਆ ਹੈ ਅਤੇ ਹੁਣ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਕਿਸਾਨਾਂ ਨੂੰ ਡੀ ਏ ਪੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਸੁਸਾਇਟੀਆਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਜ਼ਬਰਦਸਤੀ ਬੇਲੋੜਾ ਸਾਮਾਨ ਭੇਜਦੀਆਂ ਹਨ ਜੋ ਅੱਗੇ ਕਿਸਾਨਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਂਣ ਵਾਲੇ ਕਿਸਾਨ ਖ਼ਿਲਾਫ਼ ਕੇਸ ਦਰਜ ਕਰਨ ਲਈ ਤਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕਮੇਟੀਆਂ ਬਣਾ ਕੇ ਨਿਗਰਾਨੀ ਕਰ ਰਿਹਾ ਹੈ ਪਰ ਖਾਦ ਦੇ ਪ੍ਰਬੰਧ ਲਈ ਲਈ ਚੁੱਪ ਵੱਟੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਜੇ ਡੀ ਏ ਪੀ ਕਿਸਾਨਾਂ ਨੂੰ ਸਮੇਂ ਸਿਰ ਨਹੀਂ ਮਿਲਦੀ ਤਾਂ ਇਸ ਨਾਲ ਕਣਕ ਦੀ ਬਿਜਾਈ ਪਛੜ ਜਾਵੇਗੀ।
ਜਥੇਬੰਦੀ ਵੱਲੋਂ ਡੀ ਸੀ ਮਾਨਸਾ ਨੂੰ ਸੌਂਪਣ ਲਈ ਮੰਗ ਪੱਤਰ ਐੱਸ ਡੀ ਐੱਮ ਮਾਨਸਾ ਕਾਲਾ ਰਾਮ ਕਾਂਸਲ ਨੂੰ ਦਿੱਤਾ। ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ’ਤੇ ਫੌਰੀ ਅਮਲ ਨਾ ਹੋਇਆ ਤਾਂ ਕਿਸਾਨ ਸੜਕਾਂ ’ਤੇ ਨਿਕਲਣ ਲਈ ਮਜਬੂਰ ਹੋਣਗੇ।
ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਗੁਰਤੇਜ ਸਿੰਘ ਟਿੱਬੀ ਨੇ ਵੀ ਸੰਬੋਧਨ ਕੀਤਾ।
