ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਗਰਾਹਾਂ ਜਥੇਬੰਦੀ ਨੇ ਹੜ੍ਹਾਂ ਦੀ ਮਾਰ ਹੇਠਲੀਆਂ ਜ਼ਮੀਨਾਂ ਪੱਧਰ ਕਰਨ ਦਾ ਮੋਰਚਾ ਸੰਭਾਲਿਆ

ਹੜ੍ਹ ਮਾਰੇ ਪਿੰਡਾਂ ਤੇ ਖੇਤਾਂ ਲਈ ਸੌ ਫੀਸਦੀ ਮੁਆਵਜ਼ੇ ਦੀ ਮੰਗ
Advertisement

ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖ਼ੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋੜਵੰਦ ਮਜ਼ਦੂਰਾਂ, ਕਿਸਾਨਾਂ ਦੇ ਘਰ ਘਰ ਰਾਸ਼ਨ, ਕੱਪੜੇ ਤੇ ਪਸ਼ੂਆਂ ਨੂੰ ਭੇਜਣ ਮਗਰੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹੜ੍ਹਾਂ ਦੀ ਮਾਰ ਵਿੱਚ ਆਈਆਂ ਜ਼ਮੀਨਾਂ ਨੂੰ ਪੱਧਰ ਕਰਕੇ ਵਾਹੀ ਯੋਗ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸੂਬਾ ਕਮੇਟੀ ਵੱਲੋਂ ਪੰਜਾਬ ਪੱਧਰੀ ਹੜ੍ਹ ਪ੍ਰਭਾਵਿਤ ਸਹਾਇਤਾ ਮੁਹਿੰਮ ਤਹਿਤ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲਿਆਂ ਦੇ 6 ਦਰਜਨ ਦੇ ਕਰੀਬ ਟਰੈਕਟਰਾਂ ਦਾ ਕਾਫ਼ਲਾ ਤੇਜਾ ਰੁਹੇਲਾ, ਦੋਨਾ ਨਾਨਕਾ, ਝੰਗੜ ਭੈਣੀ, ਗੁਲਾਬ ਭੈਣੀ, ਚੱਕ ਰੁਹੇਲਾ, ਰਾਮ ਸਿੰਘ ਭੈਣੀ, ਰੇਤੇ ਵਾਲੀ ਭੈਣੀ ਆਦਿ ਸੱਤ ਪਿੰਡਾਂ ਦੀਆਂ ਜ਼ਮੀਨਾਂ ਪੱਧਰ ਕਰਨ ਵਿੱਚ ਜੁਟਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਦੱਸਿਆ ਕਿ ਪੀੜਤ ਕਿਸਾਨਾਂ ਦੀ ਗੁਜ਼ਾਰੇ ਯੋਗ ਜ਼ਮੀਨ ਹੜ੍ਹਾਂ ਹੇਠ ਆਉਣ ਤੇ ਪਸ਼ੂ-ਡੰਗਰ, ਮਕਾਨ ਤੇ ਫਸਲਾਂ ਤਬਾਹ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਬਾਂਹ ਨਹੀਂ ਫੜ੍ਹੀ। ਉਨ੍ਹਾਂ ਆਖਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਹੜ੍ਹ ਮਾਰੀਆਂ ਸੱਤ ਪਿੰਡਾਂ ਦੀਆਂ ਜ਼ਮੀਨਾਂ ਪੱਧਰ ਕਰਨ ਉਪਰੰਤ ਟਰੈਕਟਰਾਂ ਦਾ ਕਾਫ਼ਲਾ ਜੋਗਿੰਦਰ ਸਿੰਘ ਦਿਆਲਪੁਰਾ ਮਾਨਸਾ, ਗੁਰਦੇਵ ਸਿੰਘ ਕਿਸ਼ਨਪੁਰਾ ਮੋਗਾ, ਅਜਾਇਬ ਸਿੰਘ ਮੁਕਤਸਰ ਅਤੇ ਜਗਸੀਰ ਸਿੰਘ ਘੋਲਾ ਦੀ ਅਗਵਾਈ ਵਿੱਚ ਅਗਲੇ ਹੜ੍ਹ ਪੀੜਤ ਪਿੰਡਾਂ ਵੱਲ ਰੁਖ਼ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਜ਼ਮੀਨਾਂ ਨੂੰ ਵਾਹੀ ਯੋਗ ਕਰਕੇ ਫਸਲਾਂ ਹਰੀਆਂ ਭਰੀਆਂ ਕਰਨ ਤੱਕ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਵਚਨਬੱਧ ਹੈ।

Advertisement
Advertisement
Show comments