ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਪਿੰਡ ਆਹਮੋ-ਸਾਹਮਣੇ
ਬਰਸਾਤੀ ਪਾਣੀ ਦੇ ਮੁੱਦੇ ’ਤੇ ਚਾਉਕੇ ਅਤੇ ਬੱਲ੍ਹੋ ਪਿੰਡਾਂ ਦੇ ਵਸਨੀਕ ਆਹਮੋ-ਸਾਹਮਣੇ ਹੋ ਗਏ ਹਨ। ਅੱਜ ਪਿੰਡ ਚਾਉਕੇ ਦੇ ਲੋਕਾਂ ਨੇ ਇਥੇ ਏਡੀਸੀ ਪੂਨਮ ਸਿੰਘ ਨੂੰ ਮਿਲ ਕੇ ਮਾਮਲੇ ’ਚ ਪ੍ਰਸ਼ਾਸਨ ਦੇ ਦਖ਼ਲ ਦੇਣ ਦੀ ਮੰਗ ਕੀਤੀ।
ਵਫ਼ਦ ’ਚ ਸ਼ਾਮਲ ਚਾਉਕੇ ਪਿੰਡ ਦੇ ਕਰਨੈਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਬੱਲ੍ਹੋ ਪਿੰਡ ਦੇ ਕੁਝ ਵਿਅਕਤੀਆਂ ਨੇ ਆਪਣੇ ਰਕਬੇ ਦੇ ਖੇਤਾਂ ’ਚ ਖੜ੍ਹੇ ਮੀਂਹ ਦੇ ਪਾਣੀ ਦਾ ਮੁਹਾਣ ਪਿੰਡ ਚਾਉਕੇ ਦੇ ਰਕਬੇ ਵਾਲੇ ਖੇਤਾਂ ਵੱਲ ਕਥਿਤ ਤੌਰ ’ਤੇ ਮੋੜ ਦਿੱਤਾ। ਇਸ ਲਈ ਉਨ੍ਹਾਂ ਵੱਲੋਂ ਸੜਕ ਪੁੱਟਣ ਸਮੇਤ ਪੱਕੇ ਨਹਿਰੀ ਖਾਲ਼ੇ ਵੀ ਤੋੜ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ਨੂੰ ਪੱਕੇ ਪੈਰੀਂ ਕਰਨ ਲਈ ਪਾਈਪਾਂ ਪਾਉਣ ਦੀ ਕੋਸ਼ਿਸ਼ ਜਾਰੀ ਸੀ ਕਿ ਚਾਉਕੇ ਵਾਸੀਆਂ ਨੇ ਉਥੇ ਪਹੁੰਚ ਕੇ ਵਿਰੋਧ ਕੀਤਾ।
ਉਨ੍ਹਾਂ ਦੱਸਿਆ ਕਿ ਬਾਹਰੀ ਪਿੰਡਾਂ ਦਾ ਪਾਣੀ ਆਉਣ ਨਾਲ ਪਿੰਡ ਚਾਉਕੇ ਦੇ ਖੇਤ ਭਰ ਗਏ ਅਤੇ ਪਾਣੀ ਪਿੰਡ ਦੇ ਗੁਰੂ ਘਰ ਦੀ ਚਾਰਦੀਵਾਰੀ ਤੱਕ ਪਹੁੰਚ ਗਿਆ। ਵਫ਼ਦ ’ਚ ਸ਼ਾਮਲ ਲੋਕਾਂ ਨੇ ਏਡੀਸੀ ਤੋਂ ਮੰਗ ਕੀਤੀ ਕਿ ਸੜਕ ਅਤੇ ਖਾਲ ਤੋੜ ਕੇ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਪਿੰਡ ਬੱਲ੍ਹੋ ਦੇ ਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਏਡੀਸੀ ਪੂਨਮ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਪ੍ਰਸ਼ਾਸਨ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਬਾਅਦ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਵੇਗਾ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਕਾ ਦੇਖ ਦੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।