ਹੜ੍ਹ ਪੀੜਤਾਂ ਲਈ ਸਮੱਗਰੀ ਲਿਜਾ ਰਹੀਆਂ ਦੋ ਟਰਾਲੀਆਂ ਪਲਟੀਆਂ
ਪਿੰਡ ਘੁੰਨਸ ਕੋਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾ ਰਹੀਆਂ ਜਾ ਰਹੀਆਂ ਦੋ ਟਰਾਲੀਆਂ ਪਲਟਣ ਕਾਰਨ ਇਨ੍ਹਾਂ ’ਚ ਰੱਖਿਆ ਸਾਮਾਨ ਖੇਤਾਂ ’ਚ ਖਿਲਰ ਗਿਆ। ਖਿਲਰਿਆ ਸਾਮਾਨ ਪਿੰਡ ਵਾਸੀਆਂ ਨੇ ਮੁੜ ਇਕੱਠਾ ਕਰ ਕੇ ਟਰਾਲੀਆਂ ’ਚ ਪਾ ਦਿੱਤਾ। ਜਾਣਕਾਰੀ ਮੁਤਾਬਕ ਕੈਥਲ ਤੋਂ ਪੰਜ ਟਰਾਲੀਆਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਅੰਮ੍ਰਿਤਸਰ ਜਾ ਰਹੀਆਂ ਸਨ ਕਿ ਜਦ ਉਹ ਤਪਾ ਲਾਗੇੇ ਪਿੰਡ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਤਿੰਨ ਟਰਾਲੀਆਂ ਅੱਗੇ ਲੰਘ ਗਈਆਂ, ਜਦਕਿ ਦੋ ਟਰਾਲੀ ਚਾਲਕਾਂ ਨੇ ਕਿਸੇ ਵਿਅਕਤੀ ਤੋਂ ਪੱਖੋਂ ਕੈਂਚੀਆਂ ਜਾਣ ਲਈ ਰਸਤਾ ਪੁੱਛਿਆ ਤਾਂ ਵਿਅਕਤੀ ਵੱਲੋਂ ਦੱਸੇ ਰਸਤੇ ਮੁਤਾਬਕ ਉਨ੍ਹਾਂ ਆਪਣੀਆਂ ਟਰਾਲੀਆਂ ਘੁੰਨਸ ਡਰੇਨ ਵੱਲ ਮੋੜ ਲਈਆਂ। ਜਦੋਂ ਉਹ ਡਰੇਨ ਦੇ ਨਾਲ ਲੱਗਦੀ ਸੜਕ ’ਤੇ ਅੱਗੇ ਵਧ ਰਹੇ ਸਨ ਤਾਂ ਮਿੱਟੀ ਪੋਲੀ ਹੋਣ ਕਰਕੇ ਅਚਾਨਕ ਦੋਨੋਂ ਟਰਾਲੀਆਂ ਨਜ਼ਦੀਕੀ ਖੇਤ ’ਚ ਪਲਟ ਗਈਆਂ ਅਤੇ ਟਰਾਲੀਆਂ ’ਚ ਲੱਦਿਆ ਹੋਇਆ ਸਾਰਾ ਸਾਮਾਨ ਆਟਾ, ਕਣਕ, ਤੇਲ, ਦਾਲਾਂ ਅਤੇ ਹੋਰ ਸਾਮਾਨ ਖੇਤ ’ਚ ਬਿਖਰ ਗਿਆ। ਘਟਨਾ ਦਾ ਪਤਾ ਲੱਗਦੇ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਖੇਤ ਵਿੱਚੋਂ ਟਰਾਲੀਆਂ ਨੂੰ ਸਿੱਧਾ ਕਰ ਕੇ ਸਾਰਾ ਸਾਮਾਨ ਟਰਾਲੀਆਂ ’ਚ ਲੋਡ ਕਰਵਾਇਆ। ਇਸ ਮੌਕੇ ਟਰਾਲੀਆਂ ਨਾਲ ਆਏ ਸੱਜਣਾਂ ਨੇ ਪਿੰਡ ਘੁੰਨਸ ਵਾਸੀਆਂ ਦਾ ਧੰਨਵਾਦ ਕੀਤਾ।