ਰਾਮਲੀਲ੍ਹਾ ਕਮੇਟੀ ਦੀ ਮੀਟਿੰਗ ’ਚ ਹਿਸਾਬ ਮੰਗਣ ’ਤੇ ਝਗੜਾ
ਪੁਰਾਣੀ ਰਾਮਲੀਲ੍ਹਾ ਕਮੇਟੀ ਵਿੱਚ ਫੰਡਾਂ ਦੇ ਹਿਸਾਬ ਨੂੰ ਲੈ ਕੇ ਰੱਖੀ ਮੀਟਿੰਗ ’ਚ ਕੁਝ ਮੈਂਬਰਾਂ ਵੱਲੋਂ ਪਿਛਲਾ ਅਤੇ ਮੌਜੂਦਾ ਹਿਸਾਬ ਮੰਗਣ ’ਤੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਧਿਰ ਦੇ ਬਾਹਰੀ ਬੰਦਿਆਂ ਨੇ ਰਾਮਲੀਲ੍ਹਾ ਕਮੇਟੀ ਦੇ ਕੁਝ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵੱਲੋਂ ਪੁਲੀਸ ਨੂੰ ਭੇਜੇ ਸੁਨੇਹੇ ਤਹਿਤ ਪੁਲੀਸ ਨੇ ਜਖ਼ਮੀ ਵਿਅਕਤੀ ਦੇ ਬਿਆਨ ਦਰਜ ਕਰ ਲਏ ਹਨ। ਮਿਲੀ ਜਾਣਕਾਰੀ ਅਨੁਸਾਰ ਰਾਮ ਲੀਲ੍ਹਾ ਮੰਚਨ ਨੂੰ ਲੈ ਕੇ ਰਾਮਲੀਲ੍ਹਾ ਕਮੇਟੀ ਵੱਲੋਂ ਪੁਰਾਣੇ ਰਾਮਲੀਲਾ ਗਰਾਊਂਡ ਵਿੱਚ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਪੁਰਾਣੇ ਕੁਝ ਮੈਂਬਰਾਂ ਨੇ ਕਮੇਟੀ ਦੇ ਸੀਨੀਅਰ ਮੈਂਬਰਾਂ ਕੋਲੋਂ ਇੱਕਠੇ ਹੋਏ ਫੰਡਾਂ ਦਾ ਹਿਸਾਬ ਮੰਗਣ ’ਤੇ ਬਾਹਰੋਂ ਆਏ ਵਿਅਕਤੀਆਂ ਨੇ ਹਿਸਾਬ ਮੰਗਣ ਵਾਲੇ ਵਿਅਕਤੀਆਂ ’ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਹੀ ਦੋਵੇਂ ਧਿਰਾਂ ਨੇ ਇੱਕ-ਦੂਜੇ ’ਤੇ ਇੱਟਾਂ-ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲੀਸ ਸਟੇਸ਼ਨ ਦੇ ਪਿਛਲੇ ਪਾਸੇ ਵਾਪਰੀ ਇਸ ਘਟਨਾ ਨੇ ਜਿੱਥੇ ਲੋਕਾਂ ’ਚ ਡਰ ਪੈਦਾ ਕਰ ਦਿੱਤਾ ਹੈ ਉੱਥੇ ਹੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਵਿਅਕਤੀ ਦੇ ਬਿਆਨ ਦਰਜ ਕਰ ਲਏ ਗਏ ਹਨ। ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
