ਮੰਡੀ ਕਿੱਲਿਆਂਵਾਲੀ ’ਚ ਪਟਾਕੇ ਵੇਚਣ ਲਈ ਦੋ ਲਾਇਸੈਂਸ ਜਾਰੀ; ਅੱਠ ਸਟਾਲ ਲੱਗੇ
ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੀਵਾਲੀ ਮੌਕੇ ਪਟਾਕੇ ਵੇਚਣ ਲਈ ਮੰਡੀ ਕਿੱਲਿਆਂਵਾਲੀ ’ਚ ਸਿਰਫ਼ ਦੋ ਸਟਾਲਾਂ ਦੇ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਸਨ, ਪਰ ਇੱਥੇ ਅੱਠ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ। ਬਿਨਾਂ ਲਾਇਸੈਂਸ ਪਟਾਕੇ ਵੇਚਣ ’ਤੇ ਪਾਬੰਦੀ ਹੈ, ਜਿਸ ਦੇ ਬਾਵਜੂਦ ਪ੍ਰਸ਼ਾਸਨ ਤੇ ਪੁਲੀਸ ਨੇ ਚੁੱਪੀ ਧਾਰੀ ਹੋਈ ਹੈ। ਵਧੀਕ ਜ਼ਿਲਾ ਮਜਿਸਟਰੇਟ ਵੱਲੋਂ ਜ਼ਿਲਾ ਪੁਲੀਸ ਮੁਖੀ ਨੂੰ 17 ਨੂੰ ਭੇਜੇ ਪੱਤਰ ਅਨੁਸਾਰ ਮੰਡੀ ਕਿੱਲਿਆਂਵਾਲੀ ਅਤੇ ਲੰਬੀ ’ਚ ਸਿਰਫ਼ ਦੋ-ਦੋ ਲਾਇਸੈਂਸ ਜਾਰੀ ਹੋਏ ਹਨ, ਜਿਨ੍ਹਾਂ ਦੀ ਮਿਆਦ 19 ਤੋਂ 21 ਅਕਤੂਬਰ ਤੱਕ ਹੈ। ਇਸ ਦੇ ਉਲਟ, ਗੁਰਨਾਨਕ ਕਾਲਜ ਨੇੜੇ ਮੰਡੀ ਬੋਰਡ ਦੁਕਾਨਾਂ ਅੱਗੇ ਬਿਨਾਂ ਮਨਜੂਰੀ ਪੂਰੀ ਪਟਾਕਾ ਮਾਰਕੀਟ ਸਜੀ ਪਈ ਹੈ। ਇਹ ਸਟਾਲਾਂ ਦਾਣਾ ਮੰਡੀ ਤੋਂ ਸਿਰਫ਼ ਡੇਢ-ਦੋ ਸੌ ਮੀਟਰ ਦੀ ਦੂਰੀ ’ਤੇ ਹਨ। ਆਰਜ਼ੀ ਲਾਇਸੈਂਸਧਾਰਕ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਖੇਤਰ ’ਚ ਮੁਸ਼ਕਲ ਨਾਲ ਸਟਾਲ ਲਾਉਣ ਦਿੱਤਾ ਗਿਆ ਹੈ, ਜਦਕਿ ਬਾਕੀ ਸਟਾਲਾਂ ਕਥਿਤ ਸਿਆਸੀ ਸ਼ਹਿ ’ਤੇ ਚੱਲ ਰਹੇ ਹਨ। ਦੂਜੇ ਲਾਇਸੈਂਸਧਾਰਕ ਸ਼ਮਿੰਦਰ ਸਿੰਘ ਨੇ ਕਿਹਾ ਕਿ ਮੰਡੀ ਖੇਤਰ ’ਚ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਟਰੱਕ ਯੂਨੀਅਨ ਨੇੜੇ ਸੜਕ ਕੰਢੇ ਸਟਾਲ ਲਾਉਣੀ ਪਈ।
ਚਾਰ ਲਾਇਸੈਂਸ ਜਾਰੀ ਹੋਏ ਹਨ: ਥਾਣਾ ਮੁਖੀ
ਮਲੋਟ ਦੇ ਐੱਸਡੀਐਮ ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਪਟਾਕਾ ਸਟਾਲਾਂ ਬਾਰੇ ਜਾਣਕਾਰੀ ਨਹੀਂ ਹੈ, ਅਲਾਟਮੈਂਟ ਡੀਸੀ ਦਫਤਰ ਪੱਧਰ ’ਤੇ ਹੋਈ ਹੈ। ਦੂਜੇ ਪਾਸੇ ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਮੰਡੀ ਕਿੱਲਿਆਂਵਾਲੀ ’ਚ ਪਟਾਕਾ ਸਟਾਲਾਂ ਦੇ ਚਾਰ ਲਾਇਸੈਂਸ ਜਾਰੀ ਹੋਏ ਹਨ, ਜਿਨਾਂ ’ਚੋਂ ਦੋ ਜਦੇ ਲਾਇਸੈਂਸ ਬਾਅਦ ’ਚ ਲਿਆਏ ਹਨ।