ਲਾਪ੍ਰਵਾਹੀ ਕਾਰਨ ਵਾਪਰੇ ਹਾਦਸੇ ਵਿਚ ਦੋ ਬੱਸਾਂ ਦੇ ਚਾਲਕ ਨਾਮਜ਼ਦ
ਇੱਕੋ ਕੰਪਨੀ ਦੀਆਂ ਦੋ ਬੱਸਾਂ ਦੇ ਚਾਲਕਾਂ ਦੀ ਅਣਗਹਿਲੀ ਕਾਰਨ ਵਾਪਰੇ ਸੜਕ ਹਾਦਸੇ 'ਚ ਥਾਣਾ ਘੱਲ ਖ਼ੁਰਦ ਦੀ ਪੁਲੀਸ ਨੇ ਦੋਵੇਂ ਬੱਸ ਚਾਲਕਾਂ 'ਤੇ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ ਵਾਸੀ ਪਿੰਡ ਸੂਰੀ ਵਿੰਡ ਤੇ ਗੁਰਮੇਜ ਸਿੰਘ ਪਿੰਡ ਗੱਗੋਬੂਆ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਹਾਦਸਾ ਲੰਘੀ 8 ਅਕਤੂਬਰ ਨੂੰ ਵਾਪਰਿਆ ਸੀ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਵਾਰਡ ਨੰਬਰ 11, ਨੇੜੇ ਬੀਐਸਐਨਐਲ ਐਕਸਚੇਂਜ, ਮੋਲੀਵਾਸ ਡਬਲੀ, ਥਾਣਾ ਸਦਰ ਹਨੂਮਾਨਗੜ੍ਹ (ਰਾਜਸਥਾਨ) ਨੇ ਬਿਆਨ ਦਿੱਤਾ ਹੈ ਕਿ ਘਟਨਾ ਵਾਲੇ ਦਿਨ ਉਹ ਆਪਣੀ ਪਤਨੀ ਤੇ ਦੋ ਛੋਟੇ ਬੱਚਿਆਂ ਸਮੇਤ ਆਪਣੀ ਐਕਸ ਯੂ ਵੀ 700 ਗੱਡੀ 'ਤੇ ਸਵਾਰ ਹੋ ਕਿ ਰਿਸ਼ਤੇਦਾਰੀ ਵਿੱਚ ਲੋਹੀਆਂ ਜ਼ਿਲ੍ਹਾ ਜਲੰਧਰ ਨੂੰ ਜਾ ਰਿਹਾ ਸੀ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਦਕੀ ਸਤਿਸੰਗ ਘਰ ਦੇ ਸਾਹਮਣੇ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਈ ਸਵਾਰੀਆਂ ਦੇ ਸੱਟਾਂ ਵੱਜੀਆਂ, ਪਰ ਉਸ ਦੀ ਪਤਨੀ ਪਰਮਿੰਦਰ ਕੌਰ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਬਿਆਨ ਅਨੁਸਾਰ ਬੱਸ ਚਾਲਕ ਆਪਸ ਵਿੱਚ ਮੁਕਾਬਲਾ ਕਰਕੇ ਲਾਪ੍ਰਵਾਹੀ ਨਾਲ ਬੱਸਾਂ ਭਜਾ ਰਹੇ ਸਨ ਤੇ ਹਾਦਸਾ ਵਾਪਰ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਤਿੰਨੋਂ ਵਾਹਨ ਪੁਲੀਸ ਦੇ ਕਬਜ਼ੇ ਵਿੱਚ ਹਨ। ਮੌਕੇ 'ਤੋਂ ਭੱਜੇ ਬੱਸ ਚਾਲਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀ ਛਾਪੇਮਾਰੀ ਜਾਰੀ ਹੈ।
ਗ਼ੌਰ ਰਹੇ ਕਿ ਹਾਦਸੇ ਵਿੱਚ ਇੱਕ ਹੋਰ ਵਾਹਨ ਵੀ ਉਕਤ ਬੱਸਾਂ ਦੀ ਲਪੇਟ ਵਿੱਚ ਆਇਆ ਸੀ। ਉਸ ਵਿੱਚ ਸਵਾਰ 8-10 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਉਸ ਧਿਰ ਵੱਲੋਂ ਪੁਲੀਸ ਕੋਲ ਪਹੁੰਚ ਨਹੀਂ ਕੀਤੀ ਗਈ। ਬੱਸ ਚਾਲਕਾਂ ਦੀ ਲਾਪ੍ਰਵਾਹੀ ਕਈ ਕੀਮਤੀ ਜਾਨਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਸੀ।