ਕੇਂਦਰੀ ਜੇਲ੍ਹ ਨੇੜਿਉਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਦੋ ਕਾਬੂ
ਇੱਥੋਂ ਦੀ ਪੁਲੀਸ ਨੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਪਿਛਲੇ ਪਾਸਿਉਂ ਦੋ ਵਿਅਕਤੀਆਂ ਨੂੰ ਹਥਿਆਰਾਂ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਕੋਲੋਂ 2 ਪਿਸਤੌਲ ਇੱਕ 32 ਬੋਰ, ਇੱਕ 30 ਬੋਰ, 2 ਮੈਗਜ਼ੀਨ, 20 ਕਾਰਤੂਸ, 450 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੂੰ ਮੁਖਬਰੀ ਮਿਲੀ ਕਿ ਜਸਵਿੰਦਰ ਸਿੰਘ ਉਰਫ ਦੀਪ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੈਰੀ, ਵਾਸੀ ਬਸਤੀ ਨਿਜ਼ਾਮਦੀਨ ਵਾਲੀ ਥਾਣਾ ਸਦਰ ਫ਼ਿਰੋਜ਼ਪੁਰ, ਕੇਂਦਰੀ ਜੇਲ੍ਹ ਦੇ ਪਿਛਲੇ ਪਾਸਿਓਂ ਹਥਿਆਰ ਅਤੇ ਨਸ਼ੀਲੇ ਪਦਾਰਥ ਜੇਲ੍ਹ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਹਨ। ਸੂਚਨਾ ਮਿਲਦੇ ਹੀ ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੇਂਦਰੀ ਜੇਲ੍ਹ ਦੇ ਪਿਛਲੇ ਪਾਸੇ ਛਾਪਾ ਮਾਰਿਆ ਅਤੇ ਉੱਥੋਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲੀਸ ਨੇ ਉਕਤ ਵਿਅਕਤੀਆਂ ਖਿਲਾਫ ਥਾਣਾ ਫਿਰੋਜ਼ਪੁਰ ਸ਼ਹਿਰ ਵਿੱਚ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਪੁਲੀਸ ਰਿਕਾਰਡ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।