ਸਾਈਬਰ ਧੋਖਾਧੜੀ ਦੇ ਦੋਸ਼ ਹੇਠ ਦੋ ਕਾਬੂ
ਪੁਲੀਸ ਵੱਲੋਂ ਸਾਈਬਰ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈਬਰ ਥਾਣਾ ਪੁਲੀਸ ਦੇ ਇੰਚਾਰਜ ਇੰਸਪੈਕਟਰ ਸੁਭਾਸ਼ ਚੰਦਰ ਨੇ ਦੱਸਿਆ ਕਿ ਵੈਦਵਾਲਾ ਦੇ ਵਸਨੀਕ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਕਾਲ ਆਈ ਜਿਸ ਵਿੱਚ ਟੈਲੀਗਰਾਮ ਐਪ ਜ਼ਰੀਏ ਮੁਨਾਫ਼ਾ ਕਮਾਉਣ ਦੀ ਗੱਲ ਕਹੀ ਗਈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਸਨੂੰ ਕੰਪਨੀ ਵੱਲੋਂ ਨਿਰਧਾਰਤ ਕੰਮ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਪੈਸੇ ਪੂਰੇ ਹੋਣ ’ਤੇ ਉਸ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਣਗੇ। ਥੋੜ੍ਹੀ ਦੇਰ ਬਾਅਦ ਪੀੜਤ ਦੇ ਮੋਬਾਈਲ ਨੰਬਰ ’ਤੇ ਇੱਕ ਟੈਲੀਗ੍ਰਾਮ ਲਿੰਕ ਆਇਆ। ਲਿੰਕ ’ਤੇ ਕਲਿੱਕ ਕਰਨ ’ਤੇ ਪੀੜਤ ਦੇ ਮੋਬਾਈਲ ਨੰਬਰ ’ਤੇ ਇੱਕ ਇਸ਼ਤਿਹਾਰ ਦਿਖਾਇਆ ਗਿਆ ਸੀ ਜਿਸ ਵਿੱਚ ਕੰਮ ਪੂਰਾ ਕਰ ਕੇ ਕਾਫ਼ੀ ਮੁਨਾਫ਼ੇ ਦਾ ਵਾਅਦਾ ਕੀਤਾ ਗਿਆ ਸੀ। ਲਾਲਚ ਵਿੱਚ ਪੀੜਤ ਨੇ 1 ਲੱਖ 88 ਹਜ਼ਾਰ 833 ਰੁਪਏ ਦਾ ਨਿਵੇਸ਼ ਕੀਤਾ। ਬਾਅਦ ਵਿੱਚ ਜਦੋਂ ਉਸ ਨੇ ਪੈਸੇ ਕਢਵਾਉਣ ਲਈ ਵੈੱਬਸਾਈਟ ਲਿੰਕ ’ਤੇ ਕਲਿੱਕ ਕੀਤਾ ਤਾਂ ਟੈਲੀਗ੍ਰਾਮ ਐਪ ਪੂਰੀ ਤਰ੍ਹਾਂ ਬੰਦ ਹੋ ਗਈ। ਪੁਲੀਸ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਜਾਂਚ ਦੌਰਾਨ ਅਪਰਾਧੀਆਂ ਦਾ ਸੁਰਾਗ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜਾ ਸ਼ਰਮਾ ਅਤੇ ਵਿਸ਼ਾਲ ਕੁਮਾਰ ਵਾਸੀ ਕੁਬੇਰਪੁਰ, ਆਗਰਾ ਵਜੋਂ ਹੋਈ ਹੈ।
