ਵਪਾਰੀ ’ਤੇ ਗੋਲੀਬਾਰੀ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਮਾਨਸਾ ਪੁਲੀਸ ਨੇ ਸ਼ਹਿਰ ਵਿੱਚ ਵਾਪਰੀ ’ਤੇ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਸੰਖੇਪ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਸਾਹਿਬ ਸਿੰਘ ਵਾਸੀ ਗੁਰੂਨਾਨਕਪੁਰਾ (ਰੂਪ ਨਗਰ) ਅਤੇ ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ (ਰੂਪ ਨਗਰ) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਮਾਨਸਾ ਵਿੱਚ ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ, ਜਿਸ ਤੋਂ ਅਗਲੇ ਦਿਨ ਮਾਨਸਾ ਸ਼ਹਿਰ ਮੁਕੰਮਲ ਬੰਦ ਰਿਹਾ ਸੀ।
ਮਾਨਸਾ ਦੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਨੌਂ ਕਾਰਤੂਸ ਤੇ ਗੋਲੀਆਂ ਦੇ ਛੇ ਖੋਲ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪੁਲੀਸ ਟੀਮਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਸ਼ੱਕੀ ਵਿਅਕਤੀ ਮਾਨਸਾ ਨੇੜੇ ਚੁਕੇਰੀਆਂ ਪਿੰਡ ਤੋਂ ਬਰਨਾਲਾ ਰੋਡ ਖੇਤਰ ਵਿੱਚ ਲੁਕੇ ਹੋਏ ਹਨ। ਸੂਹ ’ਤੇ ਕਾਰਵਾਈ ਕਰਦਿਆਂ ਮਾਨਸਾ ਸਿਟੀ-1 ਦੀਆਂ ਪੁਲੀਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ ਐੱਸ ਪੀ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਭੀਖੀ ਡਰੇਨ ਨੇੜੇ ਇੱਕ ਹੋਰ ਪਿਸਤੌਲ ਛੁਪਾਇਆ ਹੋਇਆ ਹੈ। ਜਦੋਂ ਪੁਲੀਸ ਟੀਮਾਂ ਬਰਾਮਦਗੀ ਲਈ ਮੌਕੇ ’ਤੇ ਪਹੁੰਚੀਆਂ ਤਾਂ ਗੁਰਸਾਹਿਬ ਸਿੰਘ ਨੇ ਲੁਕਾਏ ਹੋਏ ਪਿਸਤੌਲ ਨੇ ਪੁਲੀਸ ’ਤੇ ਫਾਇਰਿੰਗ ਕੀਤੀ। ਪੁਲੀਸ ਨੇ ਜਵਾਬੀ ਕਾਰਵਾਈ ’ਚ ਲੱਤ ’ਤੇ ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖ਼ਮੀ ਹੋ ਗਿਆ। ਜ਼ਖਮੀ ਮੁਲਜ਼ਮ ਹੁਣ ਸਿਵਲ ਹਸਪਤਾਲ, ਮਾਨਸਾ ’ਚ ਉਹ ਜ਼ੇਰੇ ਇਲਾਜ ਹੈ। ਪੁਲੀਸ ਟੀਮ ’ਤੇ ਹਮਲੇ ਸਬੰਧੀ ਥਾਣਾ ਭੀਖੀ ’ਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਪੁਲੀ ਨੇ ਜ਼ਬਤ ਕਰ ਲਿਆ ਹੈ।
ਜਥੇਬੰਦੀਆਂ ਅੱਜ ਸਾੜਨਗੀਆਂ ਸਰਕਾਰ ਦੀ ਅਰਥੀ
ਦੁਕਾਨਦਾਰ ਸਤੀਸ਼ ਕੁਮਾਰ ’ਤੇ ਹਮਲੇ ਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਦੁਆਰਾ ਪਹਿਲਾਂ ਐਲਾਨੇ ਗਏ ਵਿਰੋਧ ਦੇ ਤਹਿਤ 1 ਨਵੰਬਰ ਨੂੰ ਮਾਨਸਾ ਵਿੱਚ ਸਰਕਾਰ ਦੀ ਅਰਥੀ ਸਾੜੀ ਜਾਵੇਗੀ। ਕਮੇਟੀ ਦੇ ਆਗੂਆਂ ਮਨੀਸ਼ ਬੱਬੀ ਦਾਨੇਵਾਲੀਆ ਅਤੇ ਗੁਰਲਾਭ ਸਿੰਘ ਨੇ ਕਿਹਾ ਕਿ ਪੁਲੀਸ ਪੂਰੀ ਕਹਾਣੀ ਦਾ ਪਰਦਾਫਾਸ਼ ਕਰਨ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲੀਸ ਹਾਲੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਇਹ ਅਪਰਾਧ ਕਿਸ ਦੇ ਇਸ਼ਾਰੇ ’ਤੇ ਹੋਇਆ ਹੈ।
