ਡੇਰੇ ’ਚੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੇ ਦੋ ਕਾਬੂ
ਗਿੱਦੜਬਾਹਾ ਦੇ ਡੇਰਾ ਸਿੱਧ ਬਾਬਾ ਸ੍ਰੀ ਗੰਗਾ ਰਾਮ ’ਚੋਂ ਬਾਬਾ ਸ੍ਰੀ ਚੰਦ ਦੀ ਮੂਰਤੀ ’ਤੇ ਲੱਗੇ ਚਾਂਦੀ ਦੇ ਛੱਤਰ ਨੂੰ ਚੋਰੀ ਕਰਨ ਵਾਲੇ 2 ਵਿਅਕਤੀਆਂ ਅਤੇ ਚੋਰੀ ਦੇ ਛੱਤਰ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪੁਲੀਸ ਨੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਸੀਸੀਟੀਵੀ ਫੁਟੇਜ ਖੰਘਾਲਣ ਅਤੇ ਤਕਨੀਕੀ ਸਹਾਇਤਾ ਨਾਲ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿੰਨ੍ਹਾਂ ਦੀ ਪਛਾਣ ਰਾਜੇਸ਼ ਕੁਮਾਰ ਅਤੇ ਬਲਜਿੰਦਰ ਸਿੰਘ ਉਰਫ ਸ਼ੇਰੂ ਵਾਸੀਆਨ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਮੁਲਜ਼ਮਾਂ ਵੱਲੋਂ ਚੋਰੀ ਦੀ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਚੋਰਾਂ ਨੇ ਉਕਤ ਚਾਂਦੀ ਦਾ ਛੱਤਰ ਅੱਗੇ ਅਮਰੀਕ ਸਿੰਘ ਵਾਸੀ ਮੁਕਤਸਰ ਸਾਹਿਬ ਨੂੰ ਵੇਚਿਆ ਸੀ, ਜਿਸ ਨੇ ਚਾਂਦੀ ਦੇ ਛੱਤਰ ਨੂੰ ਢਾਲ (ਪਿਘਲਾ) ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਪਾਸੋਂ ਛੱਤਰ ਦੀ ਢਾਲੀ ਗਈ ਚਾਂਦੀ ਵਜ਼ਨੀ 700 ਗ੍ਰਾਮ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਚੋਰੀ ਦਾ ਸਾਮਾਨ ਖਰੀਦਣ ਵਾਲੇ ਅਮਰੀਕ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਲੋਕਾਂ ਅਤੇ ਵਿਸ਼ੇਸ਼ ਤੌਰ ਤੇ ਸੁਨਿਆਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਸਾਮਾਨ ਖਰੀਦਣ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਕਰ ਲੈਣ ਅਤੇ ਚੋਰੀ ਦਾ ਸਾਮਾਨ ਖਰੀਦਣ ਤੋਂ ਗੁਰੇਜ਼ ਕਰਨ।