ਦੁਕਾਨਦਾਰ ਨੂੰ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 20 ਅਪਰੈਲ
ਫ਼ਿਰੋਜ਼ਪੁਰ ਪੁਲੀਸ ਨੇ ਹਥਿਆਰਬੰਦ ਡਕੈਤੀ ਦੇ ਮਾਮਲੇ ਨੂੰ 12 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ। ਪੁਲੀਸ ਨੇ ਫ਼ਿਰੋਜ਼ਪੁਰ ਛਾਉਣੀ ਦੇ ਮੇਨ ਬਾਜ਼ਾਰ ਵਿੱਚ ਬੰਦੂਕ ਦੀ ਨੋਕ ਤੇ ਇੱਕ ਕਰਿਆਨਾ ਦੁਕਾਨਦਾਰ ਆਯੂਸ਼ ਗੋਇਲ ਨੂੰ ਲੁੱਟਣ ਦੇ ਦੋਸ਼ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਸੀ, ਜਦੋਂ ਦੋ ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ ਆਯੂਸ਼ ਗੋਇਲ ਦੀ ਦੁਕਾਨ ਵਿਚ ਦਾਖ਼ਲ ਹੋਏ ਅਤੇ ਬੰਦੂਕ ਦੀ ਨੋਕ ਤੇ ਕੈਸ਼ ਕਾਊਂਟਰ ਤੋਂ ਕਰੀਬ ਪੰਦਰਾਂ ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਇਸ ਮਾਮਲੇ ਨੂੰ ਚੁਣੌਤੀ ਵਜੋਂ ਲੈਂਦੇ ਹੋਏ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਦੇ ਹੁਕਮਾਂ ਤੇ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਤੇ ਇਲਾਕੇ ਦੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲੀਸ ਨੇ ਛਾਪੇਮਾਰੀ ਕਰਕੇ ਡਕੈਤੀ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਮੁਲਜ਼ਮ ਦੀ ਪਛਾਣ ਸੁਰਜੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਰੱਤਾਖੇੜਾ ਵਜੋਂ ਹੋਈ ਹੈ, ਜੋ ਤਿੰਨ ਮਾਮਲਿਆਂ ਵਿਚ ਸ਼ਾਮਲ ਹੈ ਜਦਕਿ ਦੂਜੇ ਮੁਲਜ਼ਮ ਦੀ ਪਛਾਣ ਸ਼ਿਵਾ ਉਰਫ਼ ਝੜੀਆ ਵਾਸੀ ਗਵਾਲ ਮੰਡੀ ਫ਼ਿਰੋਜ਼ਪੁਰ ਛਾਉਣੀ, ਜਿਸ ਉਪਰ ਪਹਿਲਾਂ ਹੀ ਨਗਦੀ ਬਰਾਮਦਗੀ ਸਮੇਤ ਦੋ ਮਾਮਲਿਆਂ ਵਿੱਚ ਮੁਕੱਦਮਾ ਦਰਜ ਹੈ। ਰੱਤਾ ਖੇੜਾ ਦੇ ਅਰਸ਼ਦੀਪ ਉਰਫ਼ ਅਕਾਸ਼ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸ ਉਪਰ ਵੀ ਇੱਕ ਅਪਰਾਧਿਕ ਮਾਮਲਾ ਚੱਲ ਰਿਹਾ ਹੈ। ਪੁਲੀਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਵੇਲੇ ਵਰਤਿਆ ਗਿਆ ਖਿਡੌਣਾ ਪਿਸਤੌਲ ਵੀ ਮੁਲਜ਼ਮਾਂ ਕੋਲੋਂ ਬਰਾਮਦ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।