ਵਿਧਾਇਕ ਨੇ ਮਾਸਟਰ ਬਲਦੇਵ ਸਿੰਘ ਦੀਆਂ ‘ਮੱਛੀਆਂ’ ਮੋੜੀਆਂ
ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਕਾਂਗਰਸੀ ਆਗੂ ਅਤੇ ‘ਆਪ’ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੀਆਂ ਮੱਛੀਆਂ ਮੋੜ ਦਿੱਤੀਆਂ ਹਨ। ਉਨ੍ਹਾਂ ਦੋ ਦਿਨ ਪਹਿਲਾਂ ਇੱਥੇ ਮੀਂਹ ਦੇ ਪਾਣੀ ’ਚ ‘ਮੱਛੀਆਂ’ ਛੱਡੀਆਂ ਸਨ।
ਇਹ ਮੱਛੀਆਂ ਬਲਦੇਵ ਸਿੰਘ ਪੰਜਾਬ ਸਰਕਾਰ ਦਾ ਮਜ਼ਾਕ ਉਡਾਉਂਦਿਆਂ 25 ਅਗਸਤ ਨੂੰ ਇੱਥੇ ਬਾਜਾ ਰੋਡ ਮਾਰਕੀਟ ਵਿੱਚ ਖੜ੍ਹੇ ਮੀਂਹ ਦੇ ਪਾਣੀ ਵਿੱਚ ਵੜ ਕੇ ਛੱਡ ਗਏ ਸਨ। ਉਨ੍ਹਾਂ ਵਿਅੰਗ ਕੱਸਿਆ ਸੀ ਕਿ ‘ਇਹ ਮੱਛੀਆਂ ਵੱਡੀਆਂ ਹੋ ਕੇ ਮਗਰਮੱਛ ਬਣਨਗੀਆਂ, ਤਾਂ ਉਹ ਇਨ੍ਹਾਂ ਨੂੰ ਫੜਨਗੇ।’ ਇਥੇ ਉਨ੍ਹਾਂ ਮੀਂਹ ਦਾ ਪਾਣੀ ਰੁਕਣ ਲਈ ਪੰਜਾਬ ਸਰਕਾਰ ਨੂੰ ਕਸੂਰਵਾਰ ਠਹਿਰਾਉਂਦਿਆਂ, 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਸੀ। ਜਦੋਂ ਬਲਦੇਵ ਸਿੰਘ ਇਹ ਵਿਲੱਖਣ ਵਿਰੋਧ ਦਰਜ ਕਰਵਾ ਰਹੇ ਸਨ, ਤਾਂ ਇਤਫ਼ਾਕਨ ਵਿਧਾਇਕ ਅਮੋਲਕ ਸਿੰਘ ਵੀ ਆਪਣੀ ਗੱਡੀ ਵਿੱਚ ਉੱਥੋਂ ਲੰਘੇ ਅਤੇ ਉਨ੍ਹਾਂ ਇਹ ਮਾਜ਼ਰਾ ਅੱਖੀਂ ਦੇਖਿਆ। ਅੱਜ ਦੋ ਦਿਨ ਪਹਿਲਾਂ ਵਾਲੇ ਉਸੇ ਟਾਈਮ ’ਤੇ ਅਮੋਲਕ ਸਿੰਘ ਉਸੇ ਜਗ੍ਹਾ ’ਤੇ ਪੁੱਜੇ ਅਤੇ ਉਨ੍ਹਾਂ ਉਸ ਦਿਨ ਬਲਦੇਵ ਸਿੰਘ ਨਾਲ ਖੜੋਤੇ, ਉਸ ‘ਸਮਰਥਕ’ ਨੂੰ ਪੌਲੀਥੀਨ ਦੇ ਲਿਫ਼ਾਫ਼ੇ ’ਚ ਪਾਈਆਂ ਮੱਛੀਆਂ ਫੜ੍ਹਾਉਂਦਿਆਂ ਸੁਨੇਹਾ ਲਾਇਆ ਕਿ ‘ਪਾਣੀ ਦਾ ਤੁਪਕਾ ਤਾਂ ਲੰਘੀ ਰਾਤ ਹੀ ਪੂਰੇ ਸ਼ਹਿਰ ’ਚ ਨਹੀਂ ਰਿਹਾ। ਹੁੁਣ ਇਹ ਮੱਛੀਆਂ ਬਗ਼ੈਰ ਪਾਣੀ ਦੇ ਤੜਫ਼ ਰਹੀਆਂ ਨੇ। ਸੋ ਮਾਸਟਰ ਬਲਦੇਵ ਸਿੰਘ ਨੂੰ ਇਹ ਮੱਛੀਆਂ ਵਾਪਸ ਭੇਜ ਦਿਓ।’ ਅਮੋਲਕ ਸਿੰਘ ਨੇ ਇੱਥੇ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਪਹਿਲਾਂ ਮਾਮੂਲੀ ਮੀਂਹ ਦੇ ਪਾਣੀ ਦਾ ਸ਼ਹਿਰ ਦੀਆਂ ਗਲੀਆਂ ’ਚੋਂ ਕਈ-ਕਈ ਦਿਨ ਨਿਕਾਸ ਨਹੀਂ ਹੁੰਦਾ ਸੀ, ਪਰ ਹੁਣ ਇੰਨੀ ਭਾਰੀ ਵਰਖਾ ਹੋਣ ’ਤੇ ਵੀ ਇੱਕ ਦਿਨ ਵਿੱਚ ਪਾਣੀ ਦਾ ਨਾਮੋ-ਨਿਸ਼ਾਨ ਨਹੀਂ ਦਿਖਦਾ। ਉਨ੍ਹਾਂ ਸੁਆਲ ਚੁੱਕੇ ਕਿ ‘ਜੈਤੋ ਦੇ ਵਿਧਾਇਕ ਹੁੰਦਿਆਂ, ਉਹ ਵਿਧਾਨ ਸਭਾ ’ਚੋਂ ਸੁੱਚੇ ਮੂੰਹ ਵਾਪਸ ਪਰਤਦੇ ਰਹੇ ਹਨ ਅਤੇ ਉਨ੍ਹਾਂ ਕਈ ਦਹਾਕਿਆਂ ਤੋਂ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਬਾਰੇ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਿਆ? ਉਨ੍ਹਾਂ ਕਿਹਾ ‘ਚਲੋ ਮੰਨ ਲੈਂਦੇ ਹਾਂ ਕਿ ਉਦੋਂ ਕਾਂਗਰਸ ਦੀ ਸਰਕਾਰ ਸੀ, ਪਰ ਜਦੋਂ ਉਨ੍ਹਾਂ ਕਾਂਗਰਸ ’ਚ ਦਾਖ਼ਲਾ ਲੈ ਲਿਆ ਸੀ, ਉਦੋਂ ਹੀ ਸ਼ਹਿਰ ਦਾ ਕੁੱਝ ਸੰਵਾਰ ਦਿੰਦੇ?’