ਦੁੱਧ ਦੀ ਡੇਅਰੀ ’ਚੋਂ ਵੀਹ ਹਜ਼ਾਰ ਰੁਪਏ ਚੋਰੀ
ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਸਥਿਤ ਇੱਕ ਦੁੱਧ ਵਾਲੀ ਡੇਅਰੀ ਤੋਂ ਇੱਕ ਅਣਪਛਾਤਾ ਚੋਰ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਨਾਰੰਗ ਡੇਅਰੀ ਦੇ ਨਾਮ 'ਤੇ ਇੱਕ ਫਰਮ ਹੈ ਜੋ ਉਸ ਦੇ ਘਰ ਵਿੱਚ ਹੀ ਹੈ। ਸ਼ਾਮ ਨੂੰ ਉਸ ਨੇ ਡੇਅਰੀ ਦਾ ਬਾਹਰੀ ਗੇਟ ਬੰਦ ਕਰ ਦਿੱਤਾ ਅਤੇ ਗੱਲੇ ਵਿੱਚ ਹੀ ਲਗਪਗ 20 ਹਜ਼ਾਰ ਰੁਪਏ ਛੱਡ ਦਿੱਤੇ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਘਰ ਅੰਦਰ ਵਾਲੇ ਦਰਵਾਜ਼ੇ ’ਤੇ ਕੋਈ ਤਾਲਾ ਨਹੀਂ ਸੀ। ਰਾਤ ਲਗਪਗ 1:30 ਵਜੇ ਇੱਕ ਅਣਪਛਾਤਾ ਚੋਰ ਉਸ ਦੇ ਘਰ ਦੀ ਬਾਹਰੀ ਕੰਧ ਟੱਪ ਕੇ ਦੁਕਾਨ ਵਿੱਚ ਦਾਖ਼ਲ ਹੋਇਆ। ਚੋਰ ਅੰਦਰਲਾ ਦਰਵਾਜ਼ਾ ਖੋਲ੍ਹ ਕੇ ਦੁਕਾਨ ਵਿੱਚ ਦਾਖ਼ਲ ਹੋ ਗਿਆ ਅਤੇ ਗੱਲੇ ਵਿੱਚ ਪਏ ਲਗਪਗ 20 ਹਜ਼ਾਰ ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ। ਸਵੇਰੇ ਜਦੋਂ ਉਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਚੋਰ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਜਿਸ ਕਾਰਨ ਉਹ ਉਸ ਦੀ ਪਛਾਣ ਨਹੀਂ ਕਰ ਸਕਿਆ। ਪੀੜਤ ਨੇ ਚੋਰੀ ਦਾ ਸੁਰਾਗ ਲਗਾਏ ਜਾਣ ਦੀ ਮੰਗ ਕੀਤੀ ਹੈ।