ਬਾਰਾਂ ਘੰਟੇ ਬੱਤੀ ਗੁੱਲ; ਲੋਕਾਂ ’ਚ ਰੋਸ
ਲਾਪ੍ਰਵਾਹੀ ਲਈ ਜ਼ਿੰਮੇਵਾਰ ਕਰਮੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
Advertisement
ਪਾਵਰਕੌਮ ਨੇ ਅੱਜ ਖ਼ਪਤਕਾਰਾਂ ਨੂੰ ਆਪਣੀ ‘ਪਾਵਰ’ ਦਿਖਾਈ। ਸਥਾਨਕ ਸ਼ਹਿਰ ਦੇ ਕਾਫੀ ਹਿੱਸੇ ’ਚ ਸਵੇਰੇ ਲਗਭਗ ਤਿੰਨ ਵਜੇ ਗਈ ਬਿਜਲੀ ਬਾਅਦ ਦੁਪਹਿਰ ਤਿੰਨ ਵਜੇ ਆਈ। ਜਾਣਕਾਰੀ ਅਨੁਸਾਰ ਰਾਮਲੀਲ੍ਹਾ ਗਰਾਊਂਡ ਨੇੜੇ ਮੀਟਰਾਂ ਵਾਲੇ ਬਕਸੇ ’ਚ ਕੁੱਝ ਤਾਰਾਂ ਸੜ ਗਈਆਂ ਸਨ। ਦੱਸਣ ਮੁਤਾਬਿਕ ਵੱਧ ਤੋਂ ਵੱਧ ਡੇਢ-ਦੋ ਘੰਟੇ ਦੇ ਇਸ ਕੰਮ ’ਤੇ ਬਿਜਲੀ ਕਰਮਚਾਰੀਆਂ ਨੇ 12 ਘੰਟੇ ਲਗਾ ਦਿੱਤੇ। ਖ਼ਪਤਕਾਰ ਜਦੋਂ ਵੀ ਸ਼ਿਕਾਇਤ ਕੇਂਦਰ ਤੋਂ ਬਿਜਲੀ ਆਉਣ ਬਾਰੇ ਪੁੱਛਦੇ ਤਾਂ ਹਰ ਵਾਰ ‘ਘੰਟੇ ਬਾਅਦ’ ਆਉਣ ਦੀ ਜਾਣਕਾਰੀ ਦਿੱਤੀ ਜਾਂਦੀ ਰਹੀ। ਘੰਟੇ-ਘੰਟੇ ਦੇ ਵਕਫ਼ੇ ਨੂੰ ਜੋੜ ਕੇ ਸ਼ਾਮ ਤੱਕ ਇਹ ਸਮਾਂ 12 ਘੰਟੇ ਤੱਕ ਅੱਪੜ ਗਿਆ। ਖ਼ਪਤਕਾਰਾਂ ਨੇ ਇਸ ਲੇਟ ਲਤੀਫ਼ੀ ਲਈ ਕਰਮਚਾਰੀਆਂ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਇਸ ਵਰਤਾਰੇ ਦੀ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਪੜਤਾਲ ਦੌਰਾਨ ਇਸ ਅਣਗਹਿਲੀ ਲਈ ਜੋ ਵੀ ਜ਼ਿੰਮੇਵਾਰ ਨਿਕਲੇਗਾ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਥਾਨਕ ਬਿਜਲੀ ਕਰਮਚਾਰੀਆਂ ਦੀ ਅਕਸਰ ਆਦਤ ਬਣ ਚੁੱਕੀ ਹੈ ਕਿ ਉਹ ਖ਼ਪਤਕਾਰਾਂ ਦੇ ਹਿੱਤਾਂ ਦੀ ਰੱਜ ਕੇ ਅਣਦੇਖੀ ਕਰਦੇ ਹਨ।
Advertisement
Advertisement