ਸੰਘਰਸ਼ ਤੇਜ਼ ਕਰਨਗੇ ਟਰੱਕ ਅਪਰੇਟਰ
ਇਥੋਂ ਦੀ ਸੰਤ ਮਹੇਸ਼ ਮੁਨੀ ਜੀ ਟਰੱਕ ਅਪਰੇਟਰ ਵੈਲਫੇਅਰ ਸੁਸਾਇਟੀ ਨਾਲ ਸਬੰਧਤ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ 18 ਨਵੰਬਰ ਨੂੰ ਸਵੇਰੇ 10 ਵਜੇ ਨਾਇਬ ਤਹਿਸੀਲਦਾਰ-ਕਮ-ਰਿਸੀਵਰ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣਗੇ। ਇਸ ਸਬੰਧੀ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਦੀ ਭਰਵੀਂ ਮੀਟਿੰਗ ਮੀਟਿੰਗ ਹੋਈ ਜਿਸ 'ਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ (ਕੋਠਾ ਗੁਰੂ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰਤੇਸ਼ ਕੁਮਾਰ ਰਿੰਕੂ ਨੇ ਜਾਣਕਾਰੀ ਦਿੰਦਿਆਂ ਇਸ ਮੀਟਿੰਗ 'ਚ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਨੇ ਸਾਂਝੇ ਤੌਰ ’ਤੇ ਫ਼ੈਸਲਾ ਲਿਆ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ 18 ਨਵੰਬਰ ਨੂੰ ਧਰਨਾ ਲਗਾਇਆ ਜਾਵੇਗਾ। ਟਰੱਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ, ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਕਰਮਜੀਤ ਸਿੰਘ ਕੋਇਰ ਸਿੰਘ ਵਾਲਾ, ਮੱਖਣ ਸਿੰਘ ਭੋਡੀਪੁਰਾ, ਕਾਲਾ ਸਿੰਘ ਸਿਰੀਏਵਾਲਾ, ਜੋਨੀ ਭਗਤਾ, ਜੀਤਾ ਸਿੰਘ ਕੋਠਾ ਗੁਰੂ ਆਦਿ ਹਾਜ਼ਰ ਸਨ।
