ਝੋਨੇ ਦੀ ਲੁਹਾਈ ਨਾ ਹੋਣ ਕਾਰਨ ਟਰੱਕ ਚਾਲਕ ਖ਼ਫ਼ਾ
ਲਗਾਤਾਰ ਚੌਲਾਂ ਅਤੇ ਕਣਕ ਦੀਆਂ ਸਪੈਸ਼ਲਾਂ ਲੱਗਣ ਕਾਰਨ ਮੰਡੀਆਂ ’ਚੋਂ ਭਰ ਕੇ ਜਾ ਰਹੇ ਝੋਨੇ ਦੇ ਟਰੱਕ ਸ਼ੈਲਰਾਂ ’ਚ 3-4 ਦਿਨ ਅਨਲੋਡ ਨਾ ਹੋਣ ਕਾਰਨ ਡਰਾਈਵਰਾਂ ਅਤੇ ਟਰੱਕ ਮਾਲਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੈਲਰਾਂ ’ਚ ਭਰ ਕੇ ਖੜ੍ਹੇ ਝੋਨੇ ਦੇ ਟਰੱਕ ਮਾਲਕਾਂ ਦਾ ਕਹਿਣਾ ਹੈ ਕਿ ਖਰੀਦ ਕੇਂਦਰਾਂ ’ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ, ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ ਉਪਰੋਂ ਐਫ.ਸੀ.ਆਈ ਵੱਲੋਂ ਲਗਾਤਾਰ ਕਣਕ ਅਤੇ ਚੌਲਾਂ ਦੀਆਂ ਸਪੈਸਲਾਂ ਲੱਗਣ ਕਾਰਨ ਮੰਡੀਆਂ ’ਚੋਂ ਭਰ ਕੇ ਗਏ ਟਰੱਕ ਸ਼ੈਲਰਾਂ ’ਚ 3-4 ਦਿਨ ਅਨਲੋਡ ਨਾ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਹਨ। ਲੇਬਰ ਠੇਕੇਦਾਰ ਦਾ ਕਹਿਣਾ ਹੈ ਉਨ੍ਹਾਂ ਕੋਲ ਉਹੀ ਲੇਬਰ ਹੈ, ਸਪੈਸ਼ਲ ਭਰਨ ਜਾਂ ਟਰੱਕਾਂ ਨੂੰ ਅਨਲੋਡ ਕਰਵਾਉਣ। ਇਸ ਦੁਚਿੱਤੀ ਦਾ ਖਮਿਆਜ਼ਾ ਟਰੱਕ ਅਪਰੇਟਰਾਂ ਨੂੰ ਝੱਲਣਾ ਪੈ ਰਿਹਾ ਹੈ ਕਿਉਂਕਿ ਅਪਰੇਟਰਾਂ ਨੂੰ ਵਾਧੂ ਦੇ ਖਰਚੇ ਪੈ ਰਹੇ ਹਨ। ਅਜਿਹੀ ਸਥਿਤੀ ’ਚ ਡਰਾਈਵਰਾਂ ਨੂੰ ਦਿਨ-ਰਾਤ ਭਰੇ ਟਰੱਕਾਂ ਦੀ ਰਖਵਾਲੀ ਕਰਨੀ ਪੈ ਰਹੀ ਹੈ। ਟਰੱਕ ਅਪਰੇਟਰਾਂ ਨੇ ਸਰਕਾਰ ਤੋਂ ਮੰਗ ਹੈ ਕਿ ਸੀਜ਼ਨ ਦੇ ਸਮੇਂ ਲੱਗ ਰਹੀਆਂ ਸਪੈਸ਼ਲਾਂ ਰੋਕ ਕੇ ਵਿਹਲੇ ਸਮੇਂ ’ਚ ਲਾਈਆਂ ਜਾਣ। ਟਰੱਕ ਅਨਲੋਡ ਨਾ ਹੋਣ ਸੰਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਬਰਨਾਲਾ ਨਾਲ ਗੱਲ ਨਹੀਂ ਹੋ ਸਕੀ ਪਰ ਡੀ.ਸੀ ਬਰਨਾਲਾ ਨੇ ਕਿਹਾ ਕਿ ਉਹ ਉੱਚ-ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੇ ਲੇਬਰ ਭੇਜ ਕੇ ਟਰੱਕਾਂ ਨੂੰ ਅਨਲੋਡ ਕਰਵਾ ਦੇਣਗੇ।
 
 
             
            