ਨਾਕਸ ਬਿਜਲੀ ਸਪਲਾਈ ਕਾਰਨ ਪ੍ਰੇਸ਼ਾਨੀ
ਸਥਾਨਕ ਸ਼ਹਿਰ ’ਚ ਬਿਜਲੀ ਦੇ ਅਣ-ਐਲਾਨੇ ਕੱਟਾਂ, ਘੱਟ ਵੋਲਟੇਜ ਆਉਣ ਕਾਰਨ ਜਲ ਸਪਲਾਈ ਵਿੱਚ ਪੈ ਰਹੀ ਰੁਕਾਵਟ ਤੋਂ ਦੁਖੀ ਲੋਕਾਂ ਨੇ ਪਾਵਰਕੌਮ ਅਤੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧੀ ਵਨੀਤ ਕੁਮਾਰ, ਯੋਗੇਸ਼ ਬੱਲ੍ਹੋ, ਸੁਤੰਤਰ ਕੁਮਾਰ, ਸ਼ਿਵ ਕੁਮਾਰ, ਰਮੇਸ਼ ਕੁਮਾਰ ਤੇ ਰਾਜਿੰਦਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਸ਼ਹਿਰ ਵਿੱਚ ਵਾਰ-ਵਾਰ ਬਿਜਲੀ ਦੇ ਅਣ-ਐਲਾਨੇ ਕੱਟ ਤੇ ਘੱਟ ਵੋਲਟੇਜ ਆ ਰਹੀ ਹੈ ਇਸ ਕਾਰਨ ਮੰਡੀ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੀਖਿਆਵਾਂ ਨੇੜੇ ਹੋਣ ਕਾਰਨ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਹਨੇਰੇ ਵਿੱਚ ਪੜ੍ਹਨਾ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਬਿਜਲੀ ਦੀ ਵੋਲਟੇਜ ਘੱਟ ਹੋਣ ਕਾਰਨ ਨਗਰ ਕੌਂਸਲ ਤਪਾ ਵੱਲੋਂ ਦਿੱਤੀ ਜਾ ਰਹੀ ਜਲ ਸਪਲਾਈ ਵੀ ਬੰਦ ਪਈ ਹੈ। ਇਸ ਕਾਰਨ ਮੰਡੀ ਵਾਸੀਆਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਨੂੰ ਨਾਲ ਦੇ ਘਰਾਂ ਵਿੱਚ ਲੱਗੇ ਸਬਮਰਸੀਬਲ ਪੰਪਾਂ ਤੋਂ ਪਾਣੀ ਭਰ ਕੇ ਡੰਗ ਟਪਾਇਆ ਜਾ ਰਿਹਾ ਹੈ। ਜਿਨ੍ਹਾਂ ਦੇ ਘਰਾਂ ਨੇੜੇ ਅਜਿਹੀ ਸਹੂਲਤ ਨਾ ਹੋਣ ਕਾਰਨ ਦੂਰ-ਦੁਰਾਡੇ ਤੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਲਿਆਉਣੀਆਂ ਪੈਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ।
ਇਸ ਸਬੰਧੀ ਨਗਰ ਕੌਂਸਲ ਤਪਾ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਮੋਟਰਾਂ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਨਗਰ ਕੌਂਸਲ ਤਪਾ ਦੀਆਂ ਮੋਟਰਾਂ ’ਚ ਕੋਈ ਸਮੱਸਿਆ ਨਹੀਂ ਹੈ।
ਪਾਵਰਕੌਮ ਦੇ ਐੱਸ ਡੀ ਓ ਰਾਮ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਲਾਈਨ ਵਿੱਚ ਪਏ ਨੁਕਸ ਨੂੰ ਠੀਕ ਕਰਨ ਲੱਗੇ ਹੋਏ ਹਨ, ਜਲਦੀ ਹੱਲ ਕਰ ਦਿੱਤਾ ਜਾਵੇਗਾ।
