ਟਰਾਈਡੈਂਟ ਗਰੁੱਪ ਵੱਲੋਂ ਬਾਕਸਿੰਗ ਖਿਡਾਰਨ ਪੂਜਾ ਰਾਣੀ ਦੀ ਮਾਲੀ ਮਦਦ
ਜ਼ਮੀਨੀ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਤਹਿਤ, ਟਰਾਈਡੈਂਟ ਗਰੁੱਪ ਨੇ ਚੇਅਰਮੈਨ ਐਮੇਰਿਟਸ ਪਦਮ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਭਾਰਤੀ ਬਾਕਸਿੰਗ ਦੀ ਉਭਰਦੀ ਖਿਡਾਰਨ ਪੂਜਾ ਰਾਣੀ ਨੂੰ ਵਿੱਤੀ ਮਦਦ ਤੇ ਸੰਸਥਾਗਤ ਸਹਿਯੋਗ ਦਿੱਤਾ ਹੈ। ਅੰਡਰ-19 ਵਰਗ ਵਿੱਚ ਖੇਡਣ ਵਾਲੀ ਪੂਜਾ ਰਾਣੀ ਬਰਨਾਲਾ ਦੀ ਰਹਿਣ ਵਾਲੀ ਹੈ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸ ਨੇ ਬਾਕਸਿੰਗ ਦੀ ਸਿਖਲਾਈ ਬਿਨਾਂ ਕਿਸੇ ਸਹੂਲਤਾਂ ਦੇ ਸ਼ੁਰੂ ਕੀਤੀ। ਘਰ ਦੇ ਨੇੜੇ ਰੁੱਖ ਨਾਲ ਬੋਰੀ ਟੰਗ ਕੇ ਉਸ ਨੂੰ ਪੰਚਿੰਗ ਬੈਗ ਬਣਾਇਆ ਤੇ ਰੋਜ਼ਾਨਾ ਅਭਿਆਸ ਜਾਰੀ ਰੱਖਿਆ। ਉਸ ਦੀ ਲਗਨ ਤੇ ਸਿਰੜ ਨੇ ਉਸ ਨੂੰ ਰਾਜ ਤੇ ਰਾਸ਼ਟਰੀ ਪੱਧਰ ’ਤੇ ਕਈ ਮਹੱਤਵਪੂਰਨ ਤਗਮੇ ਜਿਤਾਏ। ਪੂਜਾ ਰਾਣੀ ਨੇ ਹੁਣ ਤੱਕ ਆਪਣੇ ਮੁੱਕੇਬਾਜ਼ੀ ਕਰੀਅਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਉਸ ਨੇ ਸਾਲ 2023 ਵਿੱਚ ਰਾਂਚੀ ਵਿੱਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ, ਉਸ ਨੇ 2025 ਵਿੱਚ ਛੱਤੀਸਗੜ੍ਹ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸ ਦਾ ਪ੍ਰਦਰਸ਼ਨ ਰਾਜ ਪੱਧਰ ’ਤੇ ਵੀ ਸ਼ਾਨਦਾਰ ਰਿਹਾ ਹੈ ਜਿੱਥੇ ਉਸ ਨੇ ਪੰਜਾਬ ਰਾਜ ਖੇਡਾਂ (ਖੇਡਾਂ ਵਤਨ ਪੰਜਾਬ ਦੀਆਂ) ਵਿੱਚ ਦੋ ਚਾਂਦੀ ਦੇ ਤਗ਼ਮੇ ਅਤੇ ਫੈਡਰੇਸ਼ਨ ਸਟੇਟ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਦਾ ਤਗ਼ਮਾ ਜਿੱਤਿਆ। ਪੂਜਾ ਰਾਣੀ ਨੂੰ ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ’ਚ ਉਸ ਦੀਆਂ ਕਾਮਯਾਬੀਆਂ ਕਾਫੀ ਯਾਦਗਾਰ ਰਹੀਆਂ ਪਰ ਵਿੱਤੀ ਤੰਗੀ ਕਾਰਨ ਪੂਜਾ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਮੌਕੇ ਘੱਟ ਮਿਲੇ। ਉਸ ਦੀ ਸਮਰੱਥਾ ਨੂੰ ਸਮਝਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਪੂਜਾ ਨੂੰ ਇੱਕ ਲੱਖ ਦੀ ਵਿੱਤੀ ਸਹਾਇਤਾ ਦਿੱਤੀ ਅਤੇ ਅੱਗੇ ਵੀ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।