ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦ ਭਗਤ ਸਿੰਘ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ

ਵੱਖ-ਵੱਖ ਸ਼ਹਿਰਾਂ ’ਚ ਸਮਾਗਮ; ਲੋਕਾਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ
ਬਠਿੰਡਾ ’ਚ ਸ਼ਹੀਦ ਭਗਤ ਦੇ ਜਨਮ ਦਿਨ ਮੌਕੇ ਕੇਟ ਕੱਟਦੇ ਹੋਏ ਮੇਅਰ ਪਦਮਜੀਤ ਮਹਿਤਾ।
Advertisement

‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਵੱਲੋਂ ਆਪਣੇ ਧਰਨੇ ਵਾਲੀ ਥਾਂ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਕਮੇਟੀ ਵੱਲੋਂ ਤਜਵੀਜ਼ਸ਼ੁਦਾ ਨਵੇਂ ਬੱਸ ਅੱਡੇ ਦੇ ਵਿਰੋਧ ’ਚ 158 ਦਿਨਾਂ ਤੋਂ ਇੱਥੇ ਬੀ ਆਰ ਅੰਬੇਦਕਰ ਪਾਰਕ ਵਿੱਚ ਰੋਸ ਧਰਨਾ ਜਾਰੀ ਹੈ। ਇਸ ਮੌਕੇ ਕੌਂਸਲਰ ਸੰਦੀਪ ਬੌਬੀ, ਕਾਮਰੇਡ ਮਹੀ ਪਾਲ, ਪ੍ਰਿਤਪਾਲ ਸਿੰਘ ਅਤੇ ਸੁਖਦੇਵ ਸਿੰਘ ਨੇ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿੱਚ ਕਥਿਤ ਪੱਕਾ ਮੋਰਚਾ ਲਾਉਣ ਜਾ ਰਹੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਦੇ ਘਰੀਂ ਪੁਲੀਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਲਦਾਖ ਦੇ ਲੋਕਾਂ ਲਈ ਜੂਝਣ ਵਾਲੇ ਨਾਮਵਰ ਬੁੱਧੀਜੀਵੀ ਸੋਨਮ ਵਾਂਗਚੁੱਕ ਨੂੰ ਫੌਰੀ ਰਿਹਾ ਕਰਨ ਅਤੇ ਲਦਾਖੀ ਲੋਕਾਂ ਦੀਆਂ ਜਾਇਜ਼ ਮੰਗਾਂ ਮੰਨੇ ਜਾਣ ਦੀ ਵੀ ਮੰਗ ਕੀਤੀ। ਇਸੇ ਦੌਰਾਨ ਸਹਾਰਾ ਜਨਸੇਵਾ ਵੱਲੋਂ ਪ੍ਰਧਾਨ ਵਿਜੈ ਗੋਇਲ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਰਧਾ ਨਾਲ ਮਨਾਇਆ ਗਿਆ।

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਸਹਾਰਾ ਜਨਸੇਵਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਜੈ ਗੋਇਲ, ਐਮ.ਐਮ. ਬਹਿਲ, ਟੇਕ ਚੰਦ, ਜੱਗਾ ਕੁਮਾਰ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਸੱਜਣਾਂ ਨੇ ਮੇਅਰ ਦਾ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ। ਸਮਾਗਮ ਦੌਰਾਨ ਮੇਅਰ ਅਤੇ ਹੋਰ ਪਤਵੰਤਿਆਂ ਨੇ ਭਗਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਹਿਨਾ ਕੇ ਉਨ੍ਹਾਂ ਨੂੰ ਯਾਦ ਕੀਤਾ। ਸ੍ਰੀ ਮਹਿਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Advertisement

ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪਿੰਡ ਗੁਰਮ ਵਿੱਚ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਦਾ ਆਦਮੀ-ਕੱਦ ਬੁੱਤ ਬਸ ਸਟੈਂਡ ਗੁਰਮ ਵਿੱਚ ਸਥਾਪਿਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਬੁੱਤ ਦਾ ਉਦਘਾਟਨ ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਆਰ ਐੱਮ ਪੀ ਆਈ) ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੱਲੋਂ ਕੀਤਾ ਗਿਆ ਅਤੇ ਇਨਕਲਾਬ ਜ਼ਿੰਦਾਬਾਦ, ਸ਼ਹੀਦ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ ਗਏ। ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਸਨਮਾਨ ਕੇਵਲ ਉਸਦਾ ਬੁੱਤ ਸਥਾਪਿਤ ਕਰਕੇ ਹੀ ਨਹੀਂ, ਬਲਕਿ ਉਸ ਦੀ ਵਿਚਾਰਧਾਰਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਉਤਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇਸ਼ ਨੂੰ ਕੇਵਲ ਰਾਜਨੀਤਕ ਆਜ਼ਾਦੀ ਹੀ ਨਹੀਂ, ਸਗੋਂ ਸਮਾਜਿਕ ਤੇ ਆਰਥਿਕ ਬਰਾਬਰੀ ’ਤੇ ਜ਼ੋਰ ਦਿੰਦੇ ਸਨ। ਪਾਸਲਾ ਨੇ ਮੌਜੂਦਾ ਹਾਲਾਤਾਂ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਅੰਦਰ ਧਰਮਾਂ ਦੇ ਨਾਂ ’ਤੇ ਨਫ਼ਰਤ ਫੈਲਾਈ ਜਾ ਰਹੀ ਹੈ, ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਜ਼ੁਲਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਮਨੂਵਾਦੀ ਵਿਚਾਰਧਾਰਾ ਲਾਗੂ ਕਰਨਾ ਚਾਹੁੰਦੀ ਹੈ, ਜਿਸ ਵਿੱਚ ਔਰਤਾਂ, ਮਜ਼ਦੂਰਾਂ ਤੇ ਪੀੜਿਤ ਵਰਗਾਂ ਲਈ ਕੋਈ ਥਾਂ ਨਹੀਂ। ਉਨ੍ਹਾਂ ਜ਼ੋਰ ਦਿੱਤਾ ਕਿ ਜੇ ਆਪਾਂ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ ਤਾਂ ਘਰ-ਘਰ, ਪਿੰਡ-ਪਿੰਡ ਉਸਦੀ ਵਿਚਾਰਧਾਰਾ ਨੂੰ ਪਹੁੰਚਾਉਣਾ ਪਵੇਗਾ।

ਫਿਰੋਜ਼ਪੁਰ (ਪੱਤਰ ਪ੍ਰੇਰਕ): ਭਾਰਤ ਵਿਕਾਸ ਪਰਿਸ਼ਦ ਇਕਾਈ ਫਿਰੋਜ਼ਪੁਰ ਵੱਲੋਂ ਨਾਮਦੇਵ ਚੌਕ, ਫਿਰੋਜ਼ਪੁਰ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪਰਿਸ਼ਦ ਦੇ ਸਕੱਤਰ ਸ਼ਿਵੰਦਰ ਮਛਰਾਲ ਨੇ ਦੱਸਿਆ ਕਿ ਹਿੰਦੁਸਤਾਨ ਦੀ ਇਸ ਮਹਾਨ ਹਸਤੀ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਆਜ਼ਾਦੀ ਦਾ ਤੋਹਫ਼ਾ ਦਿੱਤਾ। ਮੈਂਬਰਾਂ ਨੇ ਸਰਦਾਰ ਭਗਤ ਸਿੰਘ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਰਨਾਲਾ (ਖੇਤਰੀ ਪ੍ਰਤੀਨਿਧ): ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਭਗਤ ਨਾਮਦੇਵ ਚੌਕ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ‘ਇਨਕਲਾਬੀ ਮਾਰਚ’ ਕੀਤਾ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ ਨੇ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਉਪਰੰਤ ਕਿਹਾ ਕਿ ਭਗਤ ਸਿੰਘ ਜਿੱਥੇ ਇਨਕਲਾਬੀ ਸਿਰਲੱਥ ਯੋਧਾ ਸੀ ਉੱਥੇ ਉਹ ਵਿਗਿਆਨਕ ਵਿਚਾਰਵਾਨ, ਦੂਰਦਰਸ਼ੀ ਅਤੇ ਚਿੰਤਕ ਵੀ ਸੀ। ਉਨ੍ਹਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਤੱਕ ਸੰਘਰਸ਼ ਦਾ ਸੰਕਲਪ ਉਭਾਰਿਆ। ਆਗੂਆਂ ਸ਼ਹੀਦ ਦੇ ਆਸ਼ੇ ਅਨੁਸਾਰ ਮੌਜੂਦਾ ਮਜ਼ਦੂਰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਰਾਜਨੀਤਕ ਪ੍ਰਬੰਧ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ।

ਮਾਨਸਾ (ਪੱਤਰ ਪ੍ਰੇਰਕ): ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਇਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾਕੇ ਇਨਕਲਾਬੀ ਨਾਅਰਿਆਂ ਨਾਲ ਭਗਤ ਸਿੰਘ ਨੂੰ ਯਾਦ ਕੀਤਾ ਗਿਆ।ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਭਗਤ ਸਿੰਘ ਨੇ ਸਿਰਫ਼ ਅੰਗਰੇਜ਼ੀ ਹਕੂਮਤ ਦਾ ਵਿਰੋਧ ਨਹੀਂ ਕੀਤਾ ਸੀ, ਸਗੋਂ ਉਹ ਫਿਰਕੂ ਫਾਸ਼ੀਵਾਦ, ਸਾਮਰਾਜਵਾਦ ਅਤੇ ਪੂੰਜੀਵਾਦੀ ਸ਼ੋਸ਼ਣ ਦੇ ਖਿਲਾਫ਼ ਵੀ ਬੇਬਾਕ ਆਵਾਜ਼ ਬਣੇ।

ਫ਼ਾਜ਼ਿਲਕਾ ਵਿੱਚ ਨੌਜਵਾਨਾਂ ਵੱਲੋਂ ਮੋਟਰਸਾਈਕਲ ਮਾਰਚ

ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਮਾਰਚ ਕਰਦੇ ਹੋਏ ਜਥੇਬੰਦੀਆਂ ਦੇ ਕਾਰਕੁਨ।

ਫ਼ਾਜ਼ਿਲਕਾ (ਪਰਮਜੀਤ ਸਿੰਘ): ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ। ਉਨ੍ਹਾਂ ਕੱਚੀਆਂ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਫ਼ਸਲਾਂ, ਘਰਾਂ, ਪਸ਼ੂਆਂ ਤੇ ਮਨੁੱਖਾਂ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਨੀਤੀ ਬਣਾਉਣ, ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਮੁਤਾਬਕ ਕਰਨ, ਡੈਮਾਂ ’ਤੇ ਕੰਟਰੋਲ, ਵਿਕਸਿਤ ਨਹਿਰੀ ਢਾਂਚੇ ਤੇ ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਲਈ ਨੀਤੀ ਬਣਵਾਉਣ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਆਗਾਮੀ 3 ਅਕਤੂਬਰ ਨੂੰ ਫਾਜ਼ਿਲਕਾ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਪਿੰਡਾਂ ’ਚ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਸਾਡੀਆਂ ਸਰਕਾਰਾਂ ਲੋਕ ਵਿਰੋਧੀ ਅਤੇ ਸਾਮਰਾਜੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਲਾਗੂ ਕਰਨ ਲੱਗੀ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ’ਤੇ ਪੂਰਨ ਅਧਿਕਾਰ ਆਪਣੇ ਹੇਠ ਲੈ ਲਿਆ ਹੈ, ਜੋਂ ਕਿ ਰਾਜਾਂ ਦੇ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਹੈ।

 

Advertisement
Show comments