ਲੋਕ ਆਗੂ ਹਰਦੀਪ ਮਹਿਣਾ ਨੂੰ ਸ਼ਰਧਾਂਜਲੀਆਂ
ਇਥੇ ਸੰਘਰਸ਼ਸ਼ੀਲ ਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਲੋਕ ਆਗੂ ਹਰਦੀਪ ਸਿੰਘ ਮਹਿਣਾ ਦੀ ਯਾਦ ਵਿੱਚ ਬਠਿੰਡਾ ਦੇ ਜੁਗਰਾਜ ਪੈਲੇਸ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਿਆਸੀ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ, ਸਾਹਿਤਕਾਰਾਂ, ਸਮਾਜ ਸੇਵਕਾਂ ਤੇ ਸੈਂਕੜਿਆਂ ਸਾਥੀਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਸਮਾਗਮ ਦੀ ਸ਼ੁਰੂਆਤ ਲੋਕ ਗਾਇਕ ਅਜਮੇਰ ਸਿੰਘ ਅਕਾਲੀਆ ਨੇ ਸ਼ਹੀਦਾਂ ਤੇ ਲੋਕ ਹਿਤਾਂ ਲਈ ਜੂਝਣ ਵਾਲਿਆਂ ਨੂੰ ਸਮਰਪਿਤ ਗੀਤ ਨਾਲ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਮੁਖਤਿਆਰ ਪੂਹਲਾ, ਆਰ ਐੱਮ ਪੀ ਆਈ ਦੇ ਮਹੀਪਾਲ, ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਮਾਸਟਰ ਜਗਮੇਲ ਸਿੰਘ, ਕਾਮਰੇਡ ਮੁਖਤਿਆਰ ਕੌਰ ਤੇ ਹੋਰ ਬੁਲਾਰਿਆਂ ਨੇ ਮਹਿਣਾ ਦੇ ਸੰਘਰਸ਼ਸ਼ੀਲ ਜੀਵਨ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ। ਮੰਦਰ ਜੱਸੀ ਨੇ ਮੰਚ ਸੰਚਾਲਨ ਕੀਤਾ।
ਉਨ੍ਹਾਂ ਦੇ ਪੁੱਤਰ ਅਵਤਾਰ ਸਿੰਘ ਜੁਗਨੂੰ ਨੇ ਧੰਨਵਾਦ ਪ੍ਰਗਟ ਕਰਦਿਆਂ ਆਪਣੇ ਪਿਤਾ ਦੀ ਯਾਦ ਵਿੱਚ ਲਿਖੀ ਜਜ਼ਬਾਤੀ ਕਵਿਤਾ ਪੜ੍ਹੀ। ਕਈ ਉੱਘੇ ਸਾਹਿਤਕਾਰ, ਕਿਸਾਨ ਤੇ ਸਮਾਜਿਕ ਆਗੂ ਮੌਜੂਦ ਰਹੇ।
ਯਾਦ ਰਹੇ ਕਿ ਸਾਥੀ ਹਰਦੀਪ ਮਹਿਣਾ ਐੱਮ ਈ ਐੱਸ ਵਰਕਰਜ਼ ਯੂਨੀਅਨ ਬਠਿੰਡਾ ਦੇ ਸੰਸਥਾਪਕ ਤੇ ਲੋਕ ਹਿਤਾਂ ਦੇ ਜੁਝਾਰੂ ਆਗੂ ਸਨ। ਉਹ ਕਲਮ ਤੇ ਕਲਾ ਰਾਹੀਂ ਫਿਰਕੂਵਾਦ ਤੇ ਫਾਸ਼ੀਵਾਦ ਦਾ ਵਿਰੋਧ ਕਰਦੇ, ਔਰਤ-ਮਰਦ ਬਰਾਬਰੀ ਤੇ ਵਿਗਿਆਨਕ ਸੋਚ ਦੇ ਹਾਮੀ ਸਨ। ਉਨ੍ਹਾਂ ਨੇ ਮਰਨ ਪਿੱਛੋਂ ਸਰੀਰਦਾਨ ਕਰਕੇ ਵੀ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੀ ਜ਼ਿੰਦਗੀ ਲੋਕਾਂ ਦੀ ਏਕਤਾ, ਜਮਹੂਰੀਅਤ ਤੇ ਸੱਚਾਈ ਲਈ ਸਮਰਪਿਤ ਰਹੀ।