ਸ਼ਹੀਦ ਪੁਲੀਸ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ
ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ ਵਿੱਚ ਅੱਜ ਪੁਲੀਸ ਲਾਈਨ ਫ਼ਰੀਦਕੋਟ ਵਿੱਚ ਪੁਲੀਸ ਕਮੈਮੋਰੇਸ਼ਨ ਡੇਅ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀ ਆਈ ਜੀ ਫ਼ਰੀਦਕੋਟ ਰੇਂਜ਼ ਨਿਲਾਂਬਰੀ ਜਗਦਲੇ, ਐੱਸ ਐੱਸ ਪੀ ਡਾ. ਪ੍ਰਗਿਆ ਜੈਨ, ਜੀ ਏ ਗੁਰਕਿਰਨਦੀਪ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡੀ ਆਈ ਜੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ 21 ਅਕਤੂਬਰ ਨੂੰ ਦੇਸ਼ ਭਰ ਵਿੱਚ ਉਹ ਬਹਾਦਰ ਪੁਲੀਸ ਜਵਾਨ ਯਾਦ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਕਾਨੂੰਨ-ਵਿਵਸਥਾ ਦੀ ਰਾਖੀ ਦੌਰਾਨ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਅਸੀਂ ਅਮਨ ਤੇ ਸੁਰੱਖਿਆ ਵਾਲਾ ਜੀਵਨ ਜੀ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਅਦੁੱਤੀ ਬਹਾਦਰੀ ਸਾਨੂੰ ਆਪਣੀ ਡਿਊਟੀ ਇਮਾਨਦਾਰੀ, ਸਮਰਪਣ ਅਤੇ ਨਿਭੇੜੇ ਨਾਲ ਕਰਨ ਲਈ ਪ੍ਰੇਰਿਤ ਕਰਦੀ ਹੈ। ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨ ਅਤੇ ਲਦਾਖ ਖੇਤਰ ਵਿੱਚ ਹਮਲੇ ਦੌਰਾਨ ਸ਼ਹੀਦ ਹੋਏ ਪੁਲੀਸ ਜਵਾਨਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਸਾਡੀ ਪ੍ਰੇਰਣਾ ਰਹਿਣਗੀਆਂ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੋਗਾ(ਮਹਿੰਦਰ ਸਿੰਘ ਰੱਤੀਆਂ): ਇੱਥੇ ਆਈ ਟੀ ਆਈ ਸਥਿਤ ਪੁਲੀਸ ਲਾਈਨ ਵਿੱਚ ਸਮ੍ਰਿਤੀ ਪਰੇਡ ਦਿਵਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਆਪਣਾ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲੀਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਐੱਸ ਐੱਸ ਪੀ ਅਜੈ ਗਾਂਧੀ, ਡੀਸੀ ਸਾਗਰ ਸੇਤੀਆ ਇੰਚਾਰਜ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਬਿਸ਼ਨ ਸਰੂਪ, ਐੱਸ ਪੀਜ਼, ਡੀ ਐੱਸ ਪੀਜ਼, ਐੱਸ ਐੱਚ ਓਜ਼ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਬਰਾਂ ਵੱਲੋ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਅਧਿਕਾਰੀਆਂ ਨੇ ਸਮ੍ਰਿਤੀ ਪਰੇਡ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਪੁਲੀਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਦ੍ਰਿੜਤਾ ਨਾਲ ਪੰਜਾਬ ’ਚ ਕਾਲੇ ਦੌਰ ਸਮੇਂ ਅਤਿਵਾਦ ਖ਼ਿਲਾਫ਼ ਲੜਾਈ ਲੜੀ ਅਤੇ ਇਸ ਦੌਰਾਨ ਜਿਲ੍ਹਾ ਪੁਲੀਸ ਦੇ 39 ਜਵਾਨ ਸ਼ਹੀਦ ਹੋਏ ਸਨ। ਪੁਲੀਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਮਾਰਕ ’ਤੇ ‘ਗਾਰਡ ਆਫ਼ ਆਨਰ’ ਦੇਣ ਉਪਰੰਤ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।